ਸਾਬੀਰ ਹਾਕਾ ਦੀਆਂ ਕਵਿਤਾਵਾਂ


 

 1.ਕਾਸ਼ ਮੈਂ ਵੱਡਾ ਨਾ ਹੁੰਦਾ

ਕਾਸ਼ ਮੈਂ ਵੱਡਾ ਨਾ ਹੁੰਦਾ
ਤੇ ਇਹ ਨਾ ਸਮਝਦਾ
ਕਿ ਮੇਰੇ ਪਿਤਾ ਨੇ ਮੈਨੂੰ ਝੂਠ ਬੋਲਿਆ
ਕਿ ਮਿੱਟੀ ’ਚ ਜਾ ਕੇ
ਸਭ ਕੁਝ ਹਰਾ ਹੋ ਜਾਂਦਾ ਹੈ

ਇਹ ਪ੍ਰਮਾਤਮਾ ਦੀ ਕਿਰਪਾ ਹੈ
ਬੰਦਾ ਇਸਨੂੰ ਕਿਉਂ ਨਹੀਂ ਸਮਝਦਾ ?
ਮੈਂ ਕਾਫੀ ਦੇਰ ਤਕ ਇੰਤਜ਼ਾਰ ਕੀਤਾ
ਪਰ
ਮੇਰੀ ਮਾਂ ਹਰੀ ਨਾ ਹੋ ਸਕੀ।

2.ਆਸਥਾ  

ਮੇਰੇ ਪਿਤਾ ਮਜ਼ਦੂਰ ਸਨ
ਆਸਥਾ ਨਾਲ ਭਰੇ ਹੋਏ ਇਨਸਾਨ
ਜਦੋਂ ਵੀ ਉਹ ਨਮਾਜ਼ ਪੜ੍ਹਦੇ ਸਨ
(ਅੱਲ੍ਹਾ) ਉਨ੍ਹਾਂ ਦੇ ਹੱਥਾਂ ਨੂੰ ਦੇਖ ਸ਼ਰਮਿੰਦਾ ਹੋ ਜਾਂਦਾ ਸੀ।

3.ਸ਼ਹਿਤੂਤ 

ਕਦੀ ਤੁਸੀਂ ਸ਼ਹਿਤੂਤ ਦੇਖਿਆ?
ਜਿੱਥੇ ਡਿੱਗਦਾ ਹੈ, ਓਨੀ ਜ਼ਮੀਨ ’ਤੇ
ਉਸਦੇ ਲਾਲ ਰਸ ਦਾ ਦਾਗ ਪੈ ਜਾਂਦਾ ਹੈ।
ਡਿੱਗਣ ਤੋਂ ਜ਼ਿਆਦਾ ਦਰਦਨਾਕ ਕੁਝ ਵੀ ਨਹੀਂ।
ਮੈਂ ਕਿੰਨੇ ਹੀ ਮਜ਼ਦੂਰਾਂ ਨੂੰ ਦੇਖਿਆ ਹੈ,
ਇਮਾਰਤਾਂ ਤੋਂ ਡਿੱਗਦੇ ਹੋਇਆਂ
ਡਿੱਗ ਕੇ ਸ਼ਹਿਤੂਤ ਬਣਦਿਆਂ।

4.ਬੰਦੂਕ 

ਜੇ ਉਨ੍ਹਾਂ ਨੇ ਬੰਦੂਕ ਦੀ ਖੋਜ ਕੀਤੀ ਨਾ ਹੁੰਦੀ
ਤਾਂ ਕਿੰਨੇ ਲੋਕ, ਦੂਰੋਂ ਹੀ,
ਮਰ ਜਾਣ ਤੋਂ ਬਚ ਜਾਂਦੇ।
ਕਈ ਸਾਰੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ।
ਉਨ੍ਹਾਂ ਨੂੰ ਮਜ਼ਦੂਰਾਂ ਦੀ ਤਾਕ਼ਤ ਦਾ ਅਹਿਸਾਸ ਦਵਾਉਣਾ ਵੀ
ਕਿਤੇ ਜ਼ਿਆਦਾ ਆਸਾਨ ਹੁੰਦਾ।

5.ਮੌਤ ਦਾ ਖ਼ੌਫ 

ਤਾ-ਉਮਰ ਮੈਂ ਇਸ ਗੱਲ ’ਤੇ ਭਰੋਸਾ ਕੀਤਾ
ਕਿ ਝੂਠ ਬੋਲਣਾ ਗਲਤ ਹੁੰਦਾ ਹੈ
ਗਲਤ ਹੁੰਦਾ ਹੈ ਕਿਸੇ ਨੂੰ ਪਰੇਸ਼ਾਨ ਕਰਨਾ
ਤਾ-ਉਮਰ ਮੈਂ ਇਸ ਗੱਲ ਨੂੰ ਸਵੀਕਾਰ ਕੀਤਾ
ਕਿ ਮੌਤ ਵੀ ਜ਼ਿੰਦਗੀ ਦਾ ਇਕ ਹਿੱਸਾ ਹੈ
ਇਸ ਤੋਂ ਬਾਅਦ ਵੀ ਮੈਨੂੰ ਮੌਤ ਤੋਂ ਡਰ ਲੱਗਦਾ ਹੈ
ਡਰ ਲੱਗਦਾ ਹੈ ਦੂਜੀ ਦੁਨੀਆਂ ਵਿਚ ਵੀ ਮਜ਼ਦੂਰ ਬਣੇ ਰਹਿਣ ਤੋਂ।

6.ਇਕਲੌਤਾ ਡਰ

ਜਦੋਂ ਮੈਂ ਮਰਾਂਗਾ

ਆਪਣੇ ਨਾਲ ਆਪਣੀਆਂ ਸਾਰੀਆਂ ਮਨਪਸੰਦ ਕਿਤਾਬਾਂ ਲੈ ਜਾਵਾਂਗਾ

ਆਪਣੀ ਕਬਰ ਨੂੰ ਭਰ ਦੇਵਾਂਗਾ

ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਨਾਲ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।

ਮੇਰੇ ਨਵੇਂ ਘਰ ਵਿਚ ਕੋਈ ਜਗ੍ਹਾ ਨਹੀਂ ਹੋਣੀ

ਭਵਿੱਖ ਪ੍ਰਤੀ ਡਰ ਦੇ ਲਈ।

ਮੈਂ ਪਿਆ ਰਹਾਂਗਾ। ਮੈਂ ਸਿਗਰਟ ਸੁਲਗਾਵਾਂਗਾ।

ਅਤੇ ਰੋਵਾਂਗਾ ਉਨ੍ਹਾਂ ਤਮਾਮ ਔਰਤਾਂ ਨੂੰ ਯਾਦ ਕਰਕੇ

ਜਿਨ੍ਹਾਂ ਨੂੰ ਮੈਂ ਗਲੇ ਲਗਾਉਣਾ ਚਾਹੁੰਦਾ ਸੀ।

ਇਨ੍ਹਾਂ ਸਾਰੀਆਂ ਖੁਸ਼ੀਆਂ ਦਰਮਿਆਨ ਵੀ

ਇਕ ਡਰ ਬਚਿਆ ਰਹਿੰਦਾ ਹੈ:

ਕਿ ਇਕ ਰੋਜ਼, ਭੋਰਾ-ਭਰ

ਕੋਈ ਮੋਢਾ ਝੰਜੋੜ ਕੇ ਉਠਾਵੇਗਾ ਮੈਨੂੰ ਅਤੇ ਬੋਲੇਗਾ:

ਉਠ ਜਾ ਸਾਬੀਰ, ਕੰਮ 'ਤੇ ਜਾਣਾ ਹੈ…


7.ਦੋਸਤੀ


ਮੈਂ ਪ੍ਰਮਾਤਮਾ ਦਾ ਦੋਸਤ ਨਹੀਂ ਹਾਂ

ਇਸਦਾ ਸਿਰਫ਼ ਇਕ ਹੀ ਕਾਰਨ ਹੈ

ਜਿਸਦੀਆਂ ਜੜ੍ਹਾਂ ਬਹੁਤ ਪੁਰਾਣੇ ਅਤੀਤ 'ਚ ਹਨ:

ਜਦੋਂ ਛੇ ਜਣਿਆਂ ਦਾ ਸਾਡਾ ਪਰਿਵਾਰ

ਇਕ ਤੰਗ ਕਮਰੇ ਵਿਚ ਰਹਿੰਦਾ ਸੀ

ਅਤੇ ਪ੍ਰਮਾਤਮਾ ਦੇ ਕੋਲ ਬਹੁਤ ਵੱਡਾ ਮਕਾਨ ਸੀ

ਜਿਸ ਵਿਚ ਉਹ ਇਕੱਲਾ ਹੀ ਰਹਿੰਦਾ ਸੀ।


8.ਸਮੱਗਰੀ ਡਿੱਗਣ ਦਾ ਖ਼ਤਰਾ


ਕਈ ਵਾਰ ਅਜਿਹਾ ਹੋਇਆ ਹੈ ਕਿ

ਕਿਸੇ ਇਮਾਰਤ ਦੀ ਇੱਟ,

ਇਕ ਮਜ਼ਦੂਰ ਦੇ ਕੰਧੇ ਤੋਂ ਸੀਮੈਂਟ ਦਾ ਬੋਰਾ

ਜਾਂ ਲੋਹੇ ਦੀ ਚਾਦਰ ਕ੍ਰੇਨ ਦੀ ਹੁੱਕ ਤੋਂ

ਖਿਸਕ ਕੇ ਹੇਠਾਂ ਡਿੱਗ ਜਾਂਦੀ ਹੈ

ਕੁਝ ਦਰਦ ਇਨਸਾਨ ਨੂੰ ਹਮੇਸ਼ਾ ਲਈ ਪਰੇਸ਼ਾਨ ਕਰ ਦਿੰਦੇ ਨੇ

ਇਸ ਲਈ ਮੈਨੂੰ ਅਧਿਕਾਰ ਦੇ ਕਿ

ਮੇਰੇ ਅੰਦਰ ਐਨਾ ਡਰ ਹੋਵੇ

ਕਿ ਜਦੋਂ ਵੀ ਮੈਂ ਤੈਨੂੰ ਗਲ਼ ਲਾਵਾਂ

ਤੇਰੇ ਝੁਮਕੇ ਦੇ ਹਿੱਲਣ ਦੀ ਆਵਾਜ਼ ਨਾਲ

ਡਰ ਜਾਵਾਂ।


9.ਰੱਬ 


ਉਸਦਾ ਰੱਬ 

ਇਕ ਅਲੱਗ ਕਿਸਮ ਦਾ ਹੈ 

ਉਹ (ਉਸਦਾ ਰੱਬ)

ਉਸਦੀ ਕਿਸਮਤ ‘ਤੇ ਰੋਂਦਾ ਹੈ 

ਪਰ ਮੇਰਾ ਰੱਬ 

ਹੁਣ ਵੀ 

ਚੁੱਪ ਹੈ।

 


-੦੦੦- 

Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼