ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ
ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਇੱਕ ਮਹਾਨ ਕਵੀ, ਦਾਰਸ਼ਨਿਕ ਤੇ ਵਿਦਵਾਨ ਸਨ, ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਨ੍ਹਾਂ ਨੂੰ 'ਭਾਈ ਜੀ' ਆਖਿਆ ਜਾਣ ਲੱਗਾ। ਉਨ੍ਹਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਘਰਾਣੇ ਦਾ ਸੰਬੰਧ ਸਿੱਖ ਇਤਿਹਾਸ ਦੇ ਪ੍ਰਸਿੱਧ ਦੀਵਾਨ ਕੌੜਾ ਮੱਲ ਨਾਲ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਕਾਹਨ ਸਿੰਘ ਮੰਨੇ ਪ੍ਰਮੰਨੇ ਧਾਰਮਿਕ ਵਿਆਕਤੀ ਸਨ, ਜਿਹੜੇ ਕਿ ਸੰਸਕ੍ਰਿਤੀ ਦੇ ਬ੍ਰਿਜ ਭਾਸ਼ਾ ਦੇ ਚੰਗੇ ਗਿਆਨੀ ਵੀ ਸਨ ਤੇ ਉਨ੍ਹਾਂ ਦੇ ਨਾਨਾ ਜੀ ਪੰਡਿਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਉਨ੍ਹਾਂ ਦੇ ਪੂਰਵਜ਼ 'ਦੀਵਾਨ ਕੌੜਾ ਮੱਲ' ਦੀ 18ਵੀਂ ਸਦੀ ਦੇ ਵਿਚਕਾਰਲੇ ਸਮੇਂ ਦੌਰਾਨ ਪੰਜਾਬ ਦੇ ਇਤਿਹਾਸ 'ਚ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। 1748 ਈ: 'ਚ ਮੀਰ ਮੰਨੂੰ (ਮੀਰ ਮੁਅੱਯਨੁਲ ਮੁਲਕ) ਲਾਹੌਰ ਅਤੇ ਮੁਲਤਾਨ ਦਾ ਸੂਬਾ ਨਿਰਧਾਰਿਤ ਹੋਇਆ ਸੀ। ਉਸਨੇ ਸਿੱਖਾਂ ਦੇ ਵਿਰੋਧ 'ਚ ਸਿੱਖਾਂ 'ਤੇ ਬਹੁਤ ਜ਼ੁਲਮ ਕੀਤੇ ਸਨ। ਜਦੋਂ ਉਸਨੇ ਕੌੜਾ ਮੱਲ ਨੂੰ ਆਪਣਾ ਦੀਵਾਨ ਤੇ ਨਾਇਬ ਥਾਪਿਆ ਤਾਂ ਕੌੜਾ ਮੱਲ ਨੇ ਨਵੰਬਰ 1748 ਈ: 'ਚ ਅੰਮ੍ਰਿਤਸਰ ਵਿਖੇ ਰਾਮ ਰੌਣੀ ਉਪਰ ਕਬਜ਼ੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚ ਹੋਣ ਵਾਲੀ ਖੂਨੀ ਲੜਾਈ ਤੋਂ ਬਚਾਓ ਕਰਾਇਆ। ਇਸ ਤੋਂ ਇਲਾਵਾ ਮੁਲਤਾਨ ਦੀ ਮਹਿੰਮ ਵਿਚ ਉਨ੍ਹਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖ ਸਰਦਾਰਾਂ ਦੀ ਮਦਦ ਨਾਲ ਮੁਲਤਾਨ ਉਪਰ ਹਮਲਾ ਕਰਕੇ ਸ਼ਾਹ ਨਵਾਜ਼ ਖਾਨ ਨੂੰ ਹਰਾਇਆ। ਇਸਦੀ ਖੁਸ਼ੀ 'ਚ ਮੀਰ ਮੰਨੂੰ ਨੇ ਕੌੜਾ ਮੱਲ ਨੂੰ 'ਮਹਾਰਾਜਾ ਬਹਾਦਰ' ਦਾ ਖ਼ਿਤਾਬ ਦਿੱਤਾ ਅਤੇ ਉਨ੍ਹਾਂ ਨੂੰ ਮੁਲਤਾਨ ਦਾ ਛੋਟਾ ਸੂਬਾ ਜਾਨੀ ਕਿ ਡਿਪਟੀ ਗਵਰਨਰ ਥਾਪ ਦਿੱਤਾ।
ਸ਼ੁਰੂ ਤੋਂ ਹੀ ਭਾਈ ਵੀਰ ਸਿੰਘ ਦਾ ਆਲਾ-ਦੁਆਲਾ ਧਾਰਮਿਕ ਅਤੇ ਵਿਦਵਤਾ ਵਾਲਾ ਸੀ। ਉਨ੍ਹਾਂ ਨੇ ਬਚਪਨ ਵਿਚ ਗੁਰਬਾਣੀ ਸਿੱਖ ਲਈ ਸੀ ਅਤੇ ਅੱਠ ਸਾਲਾਂ ਦੀ ਉਮਰ ਵਿਚ ਕਾਫੀ ਗੁਰਬਾਣੀ ਜ਼ੁਬਾਨੀ ਯਾਦ ਵੀ ਕਰ ਲਈ ਸੀ। ਉਹ ਪਾਂਧੇ ਤੋਂ ਵੀ ਪੜ੍ਹੇ, ਹਿਸਾਬ ਵੀ ਸਿਖਿਆ ਅਤੇ ਇਕ ਮੁੱਲਾਂ ਤੋਂ ਉਰਦੂ ਫ਼ਾਰਸੀ ਵੀ ਸਿਖੀ। ਆਧੁਨਿਕ ਢੰਗ ਦੀ ਵਿਦਿਆ ਹਾਸਿਲ ਕਰਨ ਲਈ ਉਨ੍ਹਾਂ ਨੂੰ ਚਰਚ ਮਿਸ਼ਨ ਸਕੂਲ ਵਿਚ ਦਾਖਲ ਕੀਤਾ ਗਿਆ, ਜਿਥੇ ਉਨ੍ਹਾਂ ਨੇ ਬਾਈਬਲ ਦਾ ਅਧਿਐਨ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਨ ਦਾ ਮੌਕਾ ਮਿਲਿਆ। 1891 ਈ: ਵਿੱਚ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਫਸਟ ਰਹਿ ਕੇ ਪਾਸ ਕੀਤਾ ਅਤੇ 'ਡਿਸਟ੍ਰਿਕਟ ਬੋਰਡ' ਵੱਲੋਂ ਸੋਨੇ ਦਾ ਤਗਮਾ ਹਾਸਿਲ ਕੀਤਾ। ਭਾਈ ਵੀਰ ਸਿੰਘ ਸਿੱਖ ਸਾਹਿਤ ਦੇ ਨਾਲ ਨਾਲ ਈਰਾਨੀ, ਉਰਦੂ ਤੇ ਸੰਸਕ੍ਰਿਤੀ ਭਾਸ਼ਾਵਾਂ ਦੇ ਵੀ ਗਿਆਤਾ ਸਨ। ਸਾਤਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਦੇ ਨਾਰਾਇਣ ਸਿੰਘ ਦੀ ਸਪੁੱਤਰੀ ਚਤਰ ਕੌਰ ਨਾਲ ਹੋ ਗਿਆ। ਦੂਜੇ ਪੜ੍ਹੇ ਲਿਖੇ ਲੋਕਾਂ ਵਾਂਗ ਉਨ੍ਹਾਂ ਨੇ ਸਰਕਾਰੀ ਨੌਕਰੀ ਪਿੱਛੇ ਨਾ ਭੱਜ ਕੇ ਇੱਕ ਲੇਖਕ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਉਸ ਤੋਂ ਬਾਅਦ 1898 ਈ: ਵਿੱਚ ‘ਖਾਲਸਾ ਸਮਾਚਾਰ’ ਅਖ਼ਬਾਰ ਸ਼ੁਰੂ ਕੀਤਾ ਤੇ ਇੱਕ ਸਾਲ ਬਾਅਦ 'ਨਿਰਗੁਣਿਆਰਾ' ਜਾਰੀ ਕੀਤਾ। ਨਵੰਬਰ 1899 ਈ: ਵਿੱਚ ਭਾਈ ਵੀਰ ਸਿੰਘ ਨੇ ਹਫ਼ਤਾਵਰੀ ਪੰਜਾਬੀ ‘ਖਾਲਸਾ ਸਮਾਚਾਰ’ ਸ਼ੁਰੂ ਕੀਤਾ।
ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਉਚੇਰੀ ਵਿੱਦਿਆ ਹਾਸਿਲ ਨਹੀਂ ਕੀਤੀ ਪਰ ਉਨ੍ਹਾਂ ਨੇ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਇਤਿਹਾਸ ਦੇ ਫਲਸਫ਼ੇ ਨੂੰ ਖੂਬ ਵਾਚਿਆ। ਉਨ੍ਹਾਂ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ ਸਬੰਧਿਤ ਹੈ। ਸਿੱਖ ਸਾਹਿਤ ਵਿਚ ਉਨ੍ਹਾਂ ਦੀ ਰੁਚੀ ਨੂੰ ਕੁਝ ਮਹੱਤਵਪੂਰਨ ਰਚਨਾਵਾਂ ਨੇ ਬਹੁਤ ਪ੍ਰਭਾਵਿਤ ਅਤੇ ਉਤਸ਼ਾਹਿਤ ਕੀਤਾ, ਜਿਵੇਂ ਕਿ- ਗਿਆਨੀ ਗਿਆਨ ਸਿੰਘ ਦੀ 'ਪੰਥ ਪ੍ਰਕਾਸ਼' , ਬਾਬਾ ਸੁਮੇਰ ਸਿੰਘ ਦੀਆਂ 'ਤਵਾਰੀਖ਼ ਗੁਰ ਖਾਲਸਾ' ਅਤੇ 'ਗੁਰਬਿਲਾਸ ਦਸਵੀਂ ਪਾਤਸ਼ਾਹੀ' ਆਦਿ। ਇਨ੍ਹਾਂ ਤੋਂ ਇਲਾਵਾ ਉਹ 'ਗੁਰਮੁਖੀ ਅਖ਼ਬਾਰ' ਅਤੇ 'ਖ਼ਾਲਸਾ ਅਖ਼ਬਾਰ' ਵਿਚ ਪ੍ਰਕਾਸ਼ਿਤ ਹੋਣ ਵਾਲੇ ਸਿੰਘ ਸਭਾ ਲਹਿਰ ਦੇ ਆਗੂਆਂ ਦੀਆਂ ਰਚਨਾਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਏ।
ਉਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤਿਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਂਹੀ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਅਤੇ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।
ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ ਦੀਆਂ ਮਕਬੂਲ ਰਚਨਾਵਾਂ ਹਨ- ਸੁੰਦਰੀ (1898), ਬਿਜੇ ਸਿੰਘ (1899), ਸਤਵੰਤ ਕੌਰ- ਦੋ ਭਾਗ (1890 ਤੇ 1927), ਦਿਲ ਤਰੰਗ (1920), ਤਰੇਲ ਤੁਪਕੇ (1921), ਲਹਿਰਾਂ ਦੇ ਹਾਰ (1921), ਮਟਕ ਹੁਲਾਰੇ (1922), ਬਿਜਲੀਆਂ ਦੇ ਹਾਰ (1927) ਤੇ ਮੇਰੇ ਸਾਂਈਆਂ ਜੀਉ (1953) ਉਨ੍ਹਾਂ ਨੇ ਸਿੱਖ ਧਰਮ ਦੀਆਂ ਪੁਰਾਣੀਆਂ ਰਚਨਾਵਾਂ ਜਿਵੇਂ ‘ਸਿਖਾਂ ਦੀ ਭਗਤ ਮਾਲਾ’(1912), ਪ੍ਰਾਚੀਨ ਪੰਥ ਪ੍ਰਕਾਸ਼ (1914) ਪੁਰਾਤਨ ਜਨਮ ਸਾਖੀਆਂ (1926), ਸਾਖੀ ਪੌਥੀ (1950) ਦੇ ਆਲੋਚਨਾਤਮਕ ਅਧਿਐਨ ਵੀ ਪ੍ਰਕਾਸ਼ਿਤ ਕਰਵਾਏ। ਭਾਈ ਵੀਰ ਸਿੰਘ ਨੇ ਸੰਤੋਖ ਸਿੰਘ ਦੁਆਰਾ ਰਚਿਤ ‘ਸ੍ਰੀ ਗੁਰੂ ਪ੍ਰਤਾਪ ਸੂਰਜ ਗਰੰਥ’ (6668 ਪੰਨੇ) ਦਾ ਅਧਿਐਨ 1927 ਤੋਂ 1935 ਦਰਮਿਆਨ 14 ਹਿੱਸਿਆ ਵਿੱਚ ਕੀਤਾ। ਇਸ ਤਰ੍ਹਾਂ 1930 ਤੱਕ ਦੇ ਪੰਜਾਬੀ ਸਾਹਿਤ 'ਤੇ ਭਾਈ ਵੀਰ ਸਿੰਘ ਦੀ ਮਹਾਨ ਸ਼ਖਸੀਅਤ ਦਾ ਪ੍ਰਭਾਵ ਰਿਹਾ।
ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਦੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਨ੍ਹਾਂ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਮੁੱਖ ਹੈ। ਦੋਹਾਂ ਵਿੱਚ 'ਬੈਂਤ ਛੰਦ' ਦੀ ਵਰਤੋਂ ਕੀਤੀ ਗਈ ਹੈ।
ਭਾਈ ਵੀਰ ਸਿੰਘ ਆਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਹੋਇਆ। ਇਸ ਵਿੱਚ ਸਾਂਤ ਰਸ ਲਈ 'ਸਿਰਖੰਡੀ ਛੰਦ' ਦੀ ਵਰਤੋਂ ਕੀਤੀ ਗਈ ਹੈ, ਦਰਸ਼ਨਿਕ ਆਦਰਸ਼ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਦਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸਦੇ ਵਿਛੋੜੇ ਵਿੱਚ ਵਿਆਕੁਲ ਹੁੰਦੀ ਹੈ। ਇਸ ਵਿਆਕੁਲਤਾ ਦੇ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਸਹਾਰਾ ਹੀ ਉਸਨੂੰ ਆਤਮਿਕ ਸ਼ਾਂਤੀ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਦਿਲਚਸਪ ਹੈ, ਜੋ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ-
ਬੱਦਲ ਰਹੇ ਬਿਰਾਜ ਪਰਬਤ ਉਪਰੇ
ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ
ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ
ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ
ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ……
‘ਲਹਿਰਾਂ ਦੇ ਹਾਰ’ ‘ਮਟਕ ਹੁਲਾਰੇ’ ‘ਬਿਜਲੀਆਂ ਦੇ ਹਾਰ’ ‘ਪ੍ਰੀਤ ਵੀਣਾਂ’ ‘ਕੰਬਦੀ ਕਲਾਈ’ ਤੇ ‘ਮੇਰੇ ਸਾਂਈਆਂ ਜੀਉ’ ਭਾਈ ਵੀਰ ਸਿੰਘ ਜੀ ਦੀਆਂ ਹਲਕੀਆਂ ਫੁਲਕੀਆਂ ਅਤੇ ਛੋਟੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। ਇਨ੍ਹਾਂ ਵਿੱਚ ਵਿਸ਼ੇ ਵਜੋਂ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ ਤੇ ਰਹੱਸਮਈ ਵਰਨਣ ਹੈ। ਚਾਨਣ ਤੇ ਖੇੜਾ ਇਸ ਦੇ ਮੂਲ ਤੱਤ ਹਨ। ਇਹਨਾਂ ਤੋਂ ਪਤਾ ਲਗਦਾ ਹੈ ਕਿ ਭਾਈ ਵੀਰ ਸਿੰਘ ਅਧਿਆਤਮਕ ਧਾਰਾ ਦੇ ਮਹਾਨ ਕਵੀ ਸਨ। ਭਾਈ ਵੀਰ ਸਿੰਘ ਨੂੰ 'ਅਰਸ਼ਾਂ ਦਾ ਕਵੀ' ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਰੁਬਾਈ ਕਾਵਿ ਰੂਪ ਦਾ ਸਫ਼ਲ ਪ੍ਰਯੋਗ ਕੀਤਾ ਗਿਆ ਹੈ, ਉਦਾਹਰਣ ਵਜੋਂ ਕਵਿਤਾ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ- ਜਿਨ੍ਹਾਂ ਵਿਚ ਕਵੀ ਨੇ ਇਲਾਹੀ ਮੁਹਬੱਤ ਅਤੇ ਨੂਰਾਨੀ ਖਿੱਚ ਨੂੰ ਬਿਆਨ ਕੀਤਾ ਹੈ-
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,
ਅਸਾਂ ਧਾ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
ਧਾ ਚਰਨਾਂ 'ਤੇ ਸੀਸ ਨਵਾਇਆ,
ਸਾਡੇ ਮੱਥੇ ਛੋਹ ਨਾ ਪਾਈ।
ਤੁਸੀਂ ਉੱਚੇ ਅਸੀਂ ਨੀਵੇਂ ਸਾਂ,
ਸਾਡੀ ਪੇਸ਼ ਨਾ ਗਈਆਂ ਕਾਈ।
ਭਾਈ ਵੀਰ ਸਿੰਘ 'ਚ ਦੇਸ਼ ਭਗਤੀ ਅਤੇ ਦੇਸ਼ ਪਿਆਰ ਦਾ ਅਥਾਹ ਜਜ਼ਬਾ ਸੀ। ਉਹ ਆਪਣੇ ਲੋਕਾਂ ਅਤੇ ਆਪਣੀ ਧਰਤੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੂੰ ਉਪਰ ਚੁੱਕਣ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਲੋਕਾਂ ਲਈ ਅਣਥੱਕ ਮਿਹਨਤ ਕੀਤੀ ਅਤੇ ਆਪਣੀ ਕਲਮ ਨਾਲ ਪੂਰੀ ਕੌਮ ਵਿਚ ਜਾਗਰਤੀ ਲਿਆਂਦੀ, ਜਿਸ ਕਾਰਨ ਉਹ ਅੰਗਰੇਜ਼ ਹਕੂਮਤ ਦੀਆਂ ਨਜ਼ਰਾਂ ਵਿਚ ਰੜਕਦੇ ਸਨ।
ਉਸ ਸਮੇਂ ਪੰਜਾਬੀ ਭਾਸ਼ਾ ਬੜੀ ਲਾਪਰਵਾਹੀ ਨਾਲ ਵਰਤੀ ਜਾ ਰਹੀ ਸੀ, ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨੇ ਪੰਜਾਬੀ ਸਾਹਿਤ ਨੂੰ ਨਵੀਂ ਪ੍ਰੇਰਣਾ ਅਤੇ ਸ਼ਕਤੀ ਪ੍ਰਦਾਨ ਕੀਤੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਨਵੀਂ ਸ਼ੈਲੀ, ਨਵਾਂ ਰਿਦਮ ਅਤੇ ਨਵਾਂ ਵੇਗ ਦਿੱਤਾ। ਸੋ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਭਾਈ ਵੀਰ ਸਿੰਘ ਅਧੁਨਿਕ ਕਵਿਤਾ ਦਾ ਪਿਤਾਮਾ ਹੈ, ਹਰ ਅਲੋਚਕ ਤੇ ਪਾਠਕ ਇਸ ਗੱਲ ਨਾਲ ਸਹਿਮਤ ਹੈ, ਕਿ ਭਾਈ ਵੀਰ ਸਿੰਘ ਨੇ ਆਧੁਨਿਕ ਕਵਿਤਾ ਦੀ ਨੀਂਹ ਰੱਖੀ। ਉਸ ਸਮੇਂ ਪਾਠਕ ਕਿਸੇ ਨਵੇਂ ਸਾਹਿਤ ਰੂਪ ਦੀ ਅਭਿਲਾਖਾ ਕਰ ਰਹੇ ਸਨ, ਭਾਈ ਵੀਰ ਸਿੰਘ ਨੇ ਪੰਜਾਬੀ ਪਿਆਰਿਆਂ ਦੀ ਇਹ ਤੀਬਰ ਇੱਛਾ ਪੂਰੀ ਕੀਤੀ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਇਕ ਨਵਾ ਨਿਵੇਕਲਾ ਸਾਹਿਤ ਰੂਪ ਬਖ਼ਸ਼ਿਆ ਤੇ ਉਹ ਹੈ ਛੋਟੀ ਕਵਿਤਾ। ਇਸ ਨਵੀਨ ਰੂਪ ਨੂੰ ਪੜ੍ਹ ਕੇ ਪਾਠਕ ਨਾ ਕੇਵਲ ਸੰਤੁਸ਼ਟ ਹੀ ਹੋਏ, ਸਗੋਂ ਉਹਨਾਂ ਨੇ ਇਸ ਦਾ ਹਾਰਦਿਕ ਸਵਾਗਤ ਵੀ ਕੀਤਾ, ਭਾਈ ਵੀਰ ਸਿੰਘ ਦੀ ਰਚਨਾ ਇਕ ਖੁਸ਼ਗਵਾਹ ਚਰਚਾ ਦਾ ਵਿਸ਼ਾ ਬਣ ਗਈ।
ਭਾਈ ਵੀਰ ਸਿੰਘ ਦੀ ਸਖਸ਼ੀਅਤ ਦੀ ਖੂਬਸੂਰਤੀ ਇਹ ਸੀ, ਉਹ ਹਮੇਸ਼ਾ ਕੁਦਰਤ ਵਾਂਗ ਵਿਚਰਦੇ ਸਨ ਅਤੇ ਆਲੋਚਕ ਜਾਂ ਅਪ੍ਰਸੰਸਕ ਉਨ੍ਹਾਂ ਦੀ ਚਾਹੇ ਲੱਖ ਨੁਕਤਾਚੀਨੀ ਕਰਦੇ, ਪਰ ਉਹ ਕਦੇ ਮੱਥੇ ਵੱਟ ਨਹੀਂ ਪਾਉਂਦੇ ਸਨ ਅਤੇ ਇਹੀ ਕਹਿੰਦੇ ਸਨ-
ਹਰਦਮ ਖਿੜੇ ਮਿਲੇ ਹੋ ਮਿਤਰੋ
ਤੁਸਾਂ ਮੱਥੇ ਵੱਟ ਨਾ ਪਾਏ।
ਸੀਨਾ ਸਾਫ਼ ਕੀਨਿਉ ਤੁਹਾਡੇ,
ਤੁਸਾਂ ਵੈਰ ਕਦੇ ਨਾ ਕਮਾਏ।
ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਨ੍ਹਾਂ ਨੂੰ 1949 ਵਿੱਚ ਡਾਕਟਰ ਆਫ਼ ਉਰੀਐਂਟਲ ਲਰਨਿੰਗ ਦੀ ਡਿਗਰੀ ਨਾਲ ਸਨਮਾਨਿਤ ਕੀਤਾ। 1952 ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਉਨ੍ਹਾਂ ਨੂੰ ਵਿਦਿਅਕ ਕਾਨਫ਼ਰੰਸ ਵਿੱਚ ਅਭਿਨੰਦਨ ਗ੍ਰੰਥ ਨਾਲ ਸਨਮਾਨਿਤ ਕੀਤਾ ਗਿਆ। 1955 ਵਿੱਚ ਉਨ੍ਹਾਂ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 10 ਜੂਨ 1957 ਈ: ਨੂੰ ਕੁਝ ਸਮਾਂ ਬਿਮਾਰ ਰਹਿਣ ਪਿਛੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ।
pic from google
article from different sources
Comments
Post a Comment