ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼
(ਗੈਬਰੀਅਲ ਗਾਰਸੀਆ ਮਾਰਕੇਜ਼ ਇੱਕ ਮਸ਼ਹੂਰ ਕੋਲੰਬੀਅਨ ਲੇਖਕ ਅਤੇ ਪੱਤਰਕਾਰ ਸੀ, ਜਿਸ ਦਾ ਜਨਮ 6 ਮਾਰਚ, 1927 ਨੂੰ ਕੋਲੰਬੀਆ ਦੇ ਇੱਕ ਛੋਟੇ ਜਿਹੇ ਕਸਬੇ ਅਰਾਕਾਟਾਕਾ ਵਿੱਚ ਹੋਇਆ। ਉਸ ਨੂੰ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮਾਰਕੇਜ਼ ਦਾ ਸਭ ਤੋਂ ਮਸ਼ਹੂਰ ਨਾਵਲ ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਹੈ, ਜੋ 1967 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਨਾਲ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਿਲ ਹੋਈ ਅਤੇ 1982 ਵਿੱਚ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਨੇ ਲਾਤੀਨੀ ਅਮਰੀਕੀ ਸਾਹਿਤ ਵਿੱਚ ‘ਜਾਦੂਈ ਯਥਾਰਥਵਾਦ’ (ਮੈਜਿਕ ਰੀਅਲਿਜ਼ਮ) ਸ਼ੈਲੀ ਨੂੰ ਪ੍ਰਸਿੱਧ ਕੀਤਾ। ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਵਾਂਗ ਉਸਦੀ ਇਹ ਕਹਾਣੀ ‘ਅਗਸਤ ਦੇ ਪ੍ਰੇਤ’ ਵੀ ਜਾਦੂਈ ਯਥਾਰਥਵਾਦ ਦੀ ਮਿਸਾਲ ਹੈ, ਇਸ ਨੂੰ ਹਿੰਦੀ ਵਿਚ ਸੁਸ਼ਾਂਤ ਸੁਪ੍ਰਿਆ ਨੇ ਅਨੁਵਾਦ ਕੀਤਾ ਹੈ।)
ਦੁਪਿਹਰ ਤੋਂ ਕੁਝ ਚਿਰ ਪਹਿਲਾਂ ਅਸੀਂ ਅਰੇਜੋ ਪਹੁੰਚ ਗਏ, ਅਸੀਂ ਦੋ ਘੰਟਿਆਂ ਤੋਂ ਵੀ ਵੱਧ ਸਮਾਂ ਪੁਨਰ-ਉਥਾਨ ਵੇਲੇ ਦੇ ਅਜਿਹੇ ਮਹਿਲ ਨੂੰ ਲੱਭਦਿਆਂ ਬਿਤਾ ਦਿੱਤਾ, ਜਿਸਨੂੰ ਹਾਲ ’ਚ ਹੀ ਵੇਨੇਜੁਏਲਾ ਦੇ ਲੇਖਕ ਮਿਗੁਏਲ ਓਤੇਰੋ ਸਿਲਵਾ ਨੇ ਖ਼ਰੀਦਿਆ ਸੀ, ਜੋ ਬਹੁਤ ਹੀ ਰਮਣੀਕ ਤੇ ਦਿਹਾਤੀ ਇਲਾਕੇ ’ਚ ਸੀ। ਉਹ ਅਗਸਤ ਦੇ ਸ਼ੁਰੂਆਤੀ ਦਿਨਾਂ ਦਾ ਬੇਹੱਦ ਝੁਲਸਾਉਣ ਤੇ ਚਹਿਲ-ਪਹਿਲ ਵਾਲਾ ਐਤਵਾਰ ਸੀ। ਸੈਲਾਨੀਆਂ ਨਾਲ ਭਰੀਆਂ ਗਲੀਆਂ ਵਿਚੋਂ ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਨਾ-ਮੁਮਕਿਨ ਸੀ, ਜਿਸਨੂੰ ਅਜਿਹੀ ਜਗ੍ਹਾ ਬਾਰੇ ਪਤਾ ਹੋਵੇ। ਕਈ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਵਾਪਸ ਆਪਣੀ ਗੱਡੀ ਕੋਲ ਆ ਗਏ। ਅਸੀਂ ਇਕ ਸੁੰਨਸਾਨ ਸੜਕ ਤੋਂ ਹੁੰਦੇ ਹੋਏ ਸ਼ਹਿਰ ਤੋਂ ਬਾਹਰ ਨਿਕਲ ਆਏ, ਜਿਸ ਦੇ ਆਸੇ-ਪਾਸੇ ਕਤਾਰ ‘ਚ ਸਰੂ ਦੇ ਰੁੱਖ ਲੱਗੇ ਹੋਏ ਸਨ। ਰਸਤੇ ਵਿਚ ਸਾਨੂੰ ਹੰਸਾਂ ਦੀ ਦੇਖਭਾਲ ਕਰਦੀ ਹੋਈ ਇਕ ਬਜ਼ੁਰਗ ਔਰਤ ਮਿਲੀ, ਜਿਸ ਤੋਂ ਸਾਨੂੰ ਉਸ ਮਹਿਲ ਬਾਰੇ ਪਤਾ ਲੱਗਿਆ। ਸਾਡੇ ਉਥੋਂ ਤੁਰਨ ਤੋਂ ਪਹਿਲਾਂ ਉਸਨੇ ਪੁੱਛਿਆ ਕਿ ਕੀ ਅਸੀਂ ਰਾਤ ਉਸੇ ਮਹਿਲ ‘ਚ ਬਿਤਾਉਣੀ ਹੈ? ਅਸੀਂ ਕਿਹਾ ਕਿ ਅਸੀਂ ਉਥੇ ਸਿਰਫ਼ ਦੁਪਹਿਰ ਦਾ ਖਾਣਾ ਖਾਣ ਜਾ ਰਹੇ ਹਾਂ, ਜੋ ਸਾਡਾ ਸ਼ੁਰੂਆਤੀ ਇਰਾਦਾ ਸੀ।
“ਫਿਰ ਤਾਂ ਠੀਕ ਹੈ”, ਉਸਨੇ ਕਿਹਾ, “ਕਿਉਂਕਿ ਉਹ ਮਹਿਲ ਭੂਤੀਆ ਹੈ।”
ਮੈਂ ਤੇ ਮੇਰੀ ਪਤਨੀ ਉਸ ਬਜ਼ੁਰਗ ਔਰਤ ਦੇ ਭੋਲੇਪਣ ‘ਤੇ ਹੱਸ ਪਏ, ਕਿਉਂਕਿ ਸਾਨੂੰ ਸਿਖ਼ਰ ਦੁਪਹਿਰੇ ਅਜਿਹੀਆਂ ਭੂਤ-ਪ੍ਰੇਤਾਂ ਦੀਆਂ ਗੱਲਾਂ ‘ਤੇ ਯਕੀਨ ਨਹੀਂ ਸੀ, ਪਰ ਸਾਡੇ ਨੌ ਤੇ ਸੱਤ ਸਾਲ ਦੇ ਦੋਵੇਂ ਲੜਕੇ ਬਹੁਤ ਖੁਸ਼ ਹੋ ਗਏ ਕਿ ਉਨ੍ਹਾਂ ਨੂੰ ਸੱਚਮੁਚ ਮਹਿਲ ’ਚ ਕਿਸੇ ਭੂਤ ਨੂੰ ਮਿਲਣ ਦਾ ਮੌਕਾ ਮਿਲੇਗਾ।
ਮਿਗੁਏਲ ਓਤੇਰੋ ਸਿਲਵਾ ਚੰਗਾ ਲੇਖਕ ਅਤੇ ਸ਼ਾਨਦਾਰ ਮੇਜ਼ਬਾਨ ਤਾਂ ਸੀ ਹੀ ਪਰ ਉਸ ਦੀ ਖਾਣੇ ਦੀ ਪਸੰਦ ਵੀ ਕਮਾਲ ਦੀ ਸੀ। ਉਸ ਨੇ ਸਾਡੇ ਲਈ ਲਾਜਵਾਬ ਖਾਣਾ ਤਿਆਰ ਕੀਤਾ। ਦੇਰੀ ਨਾਲ ਪਹੁੰਚਣ ਕਾਰਨ ਸਾਨੂੰ ਖਾਣੇ ਦੇ ਮੇਜ ’ਤੇ ਬੈਠਣ ਤੋਂ ਪਹਿਲਾਂ ਮਹਿਲ ਨੂੰ ਅੰਦਰੋਂ ਦੇਖਣ ਦਾ ਮੌਕਾ ਨਹੀਂ ਮਿਲਿਆ, ਪਰ ਬਾਹਰੋਂ ਉਹ ਬਿਲਕੁਲ ਵੀ ਡਰਾਵਣਾ ਨਹੀਂ ਸੀ। ਜੇ ਡਰਾਵਣੇ ਹੋਣ ਦਾ ਥੋੜ੍ਹਾ-ਬਹੁਤ ਖ਼ਿਆਲ ਮਨ ’ਚ ਆਇਆ ਵੀ ਹੋਵੇਗਾ ਤਾਂ ਉਹ ਫੁੱਲਾਂ ਨਾਲ ਸਜੀ ਖੁੱਲ੍ਹੀ ਛੱਤ ਅਤੇ ਸ਼ਹਿਰ ਦਾ ਖੂਬਸੂਰਤ ਨਜ਼ਾਰਾ ਦੇਖਦਿਆਂ ਖਾਣਾ ਖਾਂਦੇ ਤੇ ਇਸਦਾ ਅਨੰਦ ਲੈਂਦੇ ਸਮੇਂ ਜਾਂਦਾ ਰਿਹਾ।
ਇਸ ਗੱਲ ’ਤੇ ਯਕੀਨ ਕਰਨਾ ਮੁਸ਼ਕਿਲ ਸੀ ਕਿ ਐਨੇ ਸਾਰੇ ਚਿਰ-ਸਥਾਈ ਮਹਾਨ ਹਸਤੀਆਂ ਦਾ ਜਨਮ ਮਕਾਨਾਂ ਦੀ ਭੀੜ ਵਾਲੇ ਉਸ ਪਹਾੜੀ ਇਲਾਕੇ ’ਚ ਹੋਇਆ ਸੀ, ਜਿਥੇ ਨੱਬੇ ਹਜ਼ਾਰ ਲੋਕ ਵੀ ਮੁਸ਼ਕਿਲ ਨਾਲ ਸਮਾ ਸਕਦੇ ਸਨ। ਹਲਾਂਕਿ ਆਪਣੇ ਕੈਰੇਬਿਆਈ ਹਾਸੇ ਨਾਲ ਮਿਗੁਏਲ ਨੇ ਕਿਹਾ ਕਿ ਇਨ੍ਹਾਂ ’ਚੋਂ ਕੋਈ ਵੀ ਅਰੇਜੋ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਨਹੀਂ ਹੋਇਆ।
“ਉਨ੍ਹਾਂ ਸਾਰਿਆਂ ‘ਚੋ ਮਹਾਨ ਤਾਂ ਲਿਉਡੋਵਿਕੋ ਸੀ”, ਮਿਗੁਏਲ ਓਤੇਰੋ ਸਿਲਵਾ ਨੇ ਐਲਾਨ ਕੀਤਾ।
ਬਿਲਕੁਲ ਇਹੀ ਨਾਮ ਸੀ, ਜਿਸਦੇ ਅੱਗੇ-ਪਿਛੇ ਕੋਈ ਪਰਿਵਾਰਕ ਨਾਮ ਨਹੀਂ ਸੀ: ਲਿਉਡੋਵਿਕੋ, ਕਲਾ ਅਤੇ ਯੁੱਧ ਦਾ ਮਹਾਨ ਰੱਖਿਅਕ, ਜਿਸਨੇ ਵਿਪਤਾ ਤੇ ਵੇਦਨਾ ਦੇ ਇਸ ਮਹਿਲ ਨੂੰ ਬਣਵਾਇਆ ਸੀ। ਮਿਗੁਏਲ ਦੁਪਹਿਰ ਦੇ ਖਾਣੇ ਸਮੇਂ ਉਸੇ ਦੀਆਂ ਹੀ ਗੱਲਾਂ ਕਰਦਾ ਰਿਹਾ, ਉਸ ਨੇ ਸਾਨੂੰ ਲਿਉਡੋਵਿਕੋ ਦੀ ਤਾਕਤ, ਉਸਦੀ ਦੁਖਦਾਈ ਮੁਹੱਬਤ ਅਤੇ ਉਸਦੀ ਭਿਆਨਕ ਮੌਤ ਬਾਰੇ ਦੱਸਿਆ ਅਤੇ ਸਾਨੂੰ ਇਹ ਵੀ ਦੱਸਿਆ ਕਿ ਕਿਵੇਂ ਗੁੱਸੇ ਨਾਲ ਪਾਗਲ ਹੋਏ ਲਿਉਡੋਵਿਕੋ ਨੇ ਬਿਸਤਰ ’ਤੇ ਆਪਣੀ ਪ੍ਰੇਮਿਕਾ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ, ਜਿਥੇ ਥੋੜ੍ਹੀ ਦੇਰ ਪਹਿਲਾਂ ਉਸਨੇ ਉਸ ਨੂੰ ਪਿਆਰ ਕੀਤਾ ਸੀ। ਫਿਰ ਉਸਨੇ ਖ਼ੁਦ ’ਤੇ ਹੀ ਆਪਣੇ ਯੁੱਧ ਦੇ ਖੂੰਖਾਰ ਕੁੱਤੇ ਛੱਡ ਦਿੱਤੇ, ਜਿਨ੍ਹਾਂ ਨੇ ਉਸਨੂੰ ਟੁਕੜੇ-ਟੁਕੜੇ ਕਰ ਦਿੱਤਾ ਸੀ।
ਮਿਗੁਏਲ ਨੇ ਬਹੁਤ ਗੰਭੀਰ ਹੋ ਕੇ ਸਾਨੂੰ ਯਕੀਨ ਦਵਾਇਆ ਕਿ ਅੱਧੀ ਰਾਤ ਤੋਂ ਬਾਅਦ ਲਿਉਡੋਵਿਕੋ ਦੀ ਰੂਹ, ਆਪਣੀ ਮੁਹੱਬਤ ਦੇ ਇਸ ਤ੍ਰਾਸਦੀ ਤੇ ਹਨ੍ਹੇਰ ਭਰੇ ਮਹਿਲ ਅੰਦਰ ਸ਼ਾਂਤੀ ਦੀ ਤਲਾਸ਼ ’ਚ ਭਟਕਦੀ ਰਹਿੰਦੀ ਹੈ।
ਵਾਕਈ ਮਹਿਲ ਬਹੁਤ ਜ਼ਿਆਦਾ ਵੱਡਾ ਤੇ ਹਨ੍ਹੇਰ ਭਰਿਆ ਸੀ, ਪਰ ਸਾਨੂੰ ਦਿਨ ਦੇ ਚਾਨਣ ਤੇ ਢਿੱਡ ਦੇ ਰੱਜ ਕਰਕੇ ਮਿਗੁਏਲ ਦੀ ਕਹਾਣੀ ਮਹਿਜ ਉਨ੍ਹਾਂ ਚੁਟਕਲਿਆਂ ਵਿਚੋਂ ਇਕ ਲੱਗੀ, ਜੋ ਅਕਸਰ ਉਹ ਸੁਣਾ ਕੇ ਆਪਣੇ ਮਹਿਮਾਨਾਂ ਦਾ ਦਿਲ ਖੁਸ਼ ਕਰਦਾ ਸੀ।
ਦੁਪਹਿਰ ਵੇਲੇ ਆਰਾਮ ਕਰਨ ਤੋਂ ਬਾਅਦ ਬਿਨ੍ਹਾਂ ਕਿਸੇ ਦੇਰੀ ਦੇ ਅਸੀਂ ਮਹਿਲ ਦੇ ਬਿਆਸੀ ਕਮਰਿਆਂ ’ਚ ਟਹਿਲਣ ਲੱਗੇ, ਜਿਨ੍ਹਾਂ ‘ਚ ਉਸ ਮਹਿਲ ਦੀਆਂ ਕਈ ਪੀੜ੍ਹੀਆਂ ਦੇ ਮਾਲਕਾਂ ਨੇ ਸਮੇਂ ਦੇ ਨਾਲ ਨਾਲ ਹਰ ਪ੍ਰਕਾਰ ਦਾ ਫੇਰ-ਬਦਲ ਕਰ ਦਿੱਤਾ ਸੀ। ਖ਼ੁਦ ਮਿਗੁਏਲ ਨੇ ਪਹਿਲੀ ਮੰਜ਼ਿਲ ਨੂੰ ਪੂਰਾ ਦੁਬਾਰਾ ਬਣਵਾਇਆ ਸੀ। ਉਸ ਨੇ ਸੰਗਮਰਮਰ ਦਾ ਫਰਸ਼ ਲਗਾ ਕੇ ਆਧੁਨਿਕ ਤਰੀਕੇ ਦਾ ਸੌਣ ਵਾਲਾ ਕਮਰਾ ਤਿਆਰ ਕਰਵਾਇਆ, ਜਿਥੇ ਨਹਾਉਣ ਅਤੇ ਕਸ਼ਰਤ ਕਰਨ ਦੀ ਸਹੂਲਤ ਸੀ। ਇਸ ਤੋਂ ਇਲਾਵਾ ਫੁੱਲਾਂ ਨਾਲ ਭਰੀ ਹੋਈ ਖੁੱਲ੍ਹੀ ਛੱਤ ਸੀ, ਜਿਥੇ ਬੈਠ ਕੇ ਅਸੀਂ ਦੁਪਹਿਰ ਦਾ ਖਾਣਾ ਖਾਧਾ ਸੀ।
ਸਦੀਆਂ ਤੋਂ ਜ਼ਿਆਦਾ ਵਰਤੋਂ ’ਚ ਆਉਣ ਵਾਲੀ ਦੂਜੀ ਮੰਜ਼ਿਲ ’ਤੇ ਆਮ ਤੇ ਇਕੋ-ਜਿਹੇ ਕਮਰਿਆਂ ਦੀ ਲੜੀ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਸਮਾਨ ਸਮੇਤ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਸੀ, ਪਰ ਆਖ਼ਰੀ ਦਰਵਾਜ਼ਾ ਇਕ ਅਜਿਹੇ ਕਮਰੇ ਅੰਦਰ ਖੁੱਲ੍ਹਦਾ ਸੀ, ਜੋ ਬਿਲਕੁਲ ਸਹੀ ਸਲਾਮਤ ਸੀ ਅਤੇ ਸਦੀਆਂ ਬਾਅਦ ਵੀ ਉਸਦੀ ਹਾਲਤ ਉਸੇ ਤਰ੍ਹਾਂ ਬਰਕਰਾਰ ਸੀ, ਦੇਖ ਕੇ ਇੰਝ ਲੱਗਦਾ ਸੀ ਜਿਵੇਂ ਸਮਾਂ ਵੀ ਉਸ ਨੂੰ ਭੁੱਲ ਗਿਆ ਹੋਵੇ, ਇਹ ਲਿਉਡੋਵਿਕੋ ਦਾ ਕਮਰਾ ਸੀ।
ਇਹ ਇਕ ਜਾਦੂਈ ਪਲ ਸੀ। ਠੀਕ ਸਾਡੇ ਸਾਹਮਣੇ ਉਹ ਪਲੰਘ ਪਿਆ ਸੀ, ਜਿਸਦੇ ਪਰਦੇ ’ਤੇ ਸੋਨੇ ਦੇ ਧਾਗੇ ਨਾਲ ਜ਼ਰੀ ਦਾ ਕੰਮ ਕੀਤਾ ਹੋਇਆ ਸੀ। ਚਾਦਰ ਅਤੇ ਬਿਸਤਰ ਕਤਲ ਕੀਤੀ ਗਈ ਪ੍ਰੇਮਿਕਾ ਦੇ ਖੂਨ ਨਾਲ ਆਕੜ ਗਈ ਸੀ। ਉਥੇ ਇਕ ਅੱਗ ਸੁਲਗਾਉਣ ਵਾਲੀ ਜਗ੍ਹਾ ਵੀ ਸੀ, ਜਿਸ ਦੀ ਰਾਖ਼ ਬਰਫ਼ੀਲੀ ਅਤੇ ਆਖ਼ਰੀ ਬਚੀ ਹੋਈ ਲੱਕੜ ਪੱਥਰ ਬਣ ਗਈ ਸੀ, ਚੀਜ਼ਾਂ ਰੱਖਣ ਲਈ ਚੰਗੀ ਤਰ੍ਹਾਂ ਪਾਲਿਸ਼ ਕੀਤੀ ਹੋਈ ਅਲਮਾਰੀ ਸੀ, ਸੋਨੇ ਦੇ ਫਰੇਮ ’ਚ ਕਿਸੇ ਵਡੇਰੇ ਦਾ ਖੂਬਸੂਰਤ ਤੇਲ-ਚਿੱਤਰ ਕੰਧ ਦੀ ਸ਼ਾਨ ਵਧਾ ਰਿਹਾ ਸੀ, ਜਿਸ ਨੂੰ ਫਲੋਰੈਂਸ ਦੇ ਕਿਸੇ ਮਹਾਨ ਚਿੱਤਰਕਾਰ ਨੇ ਬਣਾਇਆ ਸੀ, ਪਰ ਬਦਕਿਸਮਤੀ ਨਾਲ ਉਸਦਾ ਨਾਮ ਉਸ ਯੁੱਗ ਤੋਂ ਬਾਅਦ ਕਿਸੇ ਨੂੰ ਯਾਦ ਨਹੀਂ ਰਿਹਾ, ਪਰ ਜਿਸ ਚੀਜ਼ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਉਹ ਸੀ ਸਟ੍ਰਾਬੇਰੀ ਦੀ ਤਾਜ਼ੀ ਖੁਸ਼ਬੂ, ਜੋ ਬਿਨ੍ਹਾਂ ਕਿਸੇ ਸੰਭਾਵਿਕ ਕਾਰਨ ਦੇ ਉਸ ਕਮਰੇ ’ਚ ਸਮਾਈ ਹੋਈ ਸੀ।
ਟਸਕਨੀ ’ਚ ਗਰਮੀਆਂ ਦੇ ਦਿਨ ਲੰਬੇ ਅਤੇ ਹੌਲੀ ਹੁੰਦੇ ਹਨ ਅਤੇ ਸੂਰਜ ਛਿਪਣ ਤੋਂ ਪਹਿਲਾਂ ਰਾਤ ਦੇ ਨੌ ਵਜੇ ਤੱਕ ਚਾਨਣ ਰਹਿੰਦਾ ਹੈ। ਸ਼ਾਮ ਨੂੰ ਪੰਜ ਵੱਜਣ ਤੋਂ ਬਾਅਦ ਅਸੀਂ ਪੂਰੇ ਮਹਿਲ ਦਾ ਚੱਕਰ ਲਗਾ ਲਿਆ ਸੀ, ਪਰ ਮਿਗੁਏਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸੈਨ ਫਰਾਂਸਿਸਕੋ ਗਿਰਜਾਘਰ ’ਚ ਮੌਜੂਦ ਪਿਏਰੋ ਡੇਲ ਫਰਾਂਸਿਸਕਾ ਦੇ ਬਣਾਏ ਕੰਧ-ਚਿੱਤਰ ਦੇਖਣ ਜਾਣਾ ਚਾਹੀਂਦਾ ਹੈ। ਫਿਰ ਅਸੀਂ ਚੌਂਕ ’ਚ ਰੁੱਖਾਂ ਦੀ ਛਾਵੇਂ ਕੌਫੀ ਪੀਣ ਲਈ ਬੈਠ ਗਏ। ਜਦੋਂ ਅਸੀਂ ਆਪਣਾ ਸਮਾਨ ਲੈਣ ਵਾਪਸ ਆਏ ਤਾਂ ਅਸੀਂ ਦੇਖਿਆ ਕਿ ਰਾਤ ਦਾ ਖਾਣਾ ਸਾਡਾ ਰਾਹ ਦੇਖ ਰਿਹਾ ਸੀ, ਇਸ ਲਈ ਅਸੀਂ ਖਾਣਾ ਖਾਣ ਰੁਕ ਗਏ।
ਜਾਮਣੀ ਰੰਗ ਦੇ ਅਸਮਾਨ ’ਚ ਇਕੋ-ਇਕ ਚਮਕਦਾ ਤਾਰਾ ਬੇਹੱਦ ਸੋਹਣਾ ਲੱਗ ਰਿਹਾ ਸੀ, ਖੁੱਲੇ ਅਸਮਾਨ ਹੇਠਾਂ ਬੈਠੇ ਜਦੋਂ ਅਸੀਂ ਖਾਣਾ ਖਾ ਰਹੇ ਸੀ, ਤਾਂ ਬੱਚੇ ਰਸੋਈ ਵਿਚੋਂ ‘ਫਲੈਸ਼-ਲਾਇਟ' ਲੈ ਕੇ ਮਹਿਲ ਦੇ ਉਪਰ ਹਨ੍ਹੇਰੇ ‘ਚ ਛਾਣਬੀਣ ਕਰਨ ਨਿਕਲ ਗਏ। ਸਾਨੂੰ ਉਥੇ ਬੈਠਿਆ ਨੂੰ ਬੱਚਿਆਂ ਦੇ ਭੱਜ ਕੇ ਪੌੜੀਆਂ ਚੜ੍ਹਨ ਦੀ ਆਵਾਜ਼ ਸੁਣ ਰਹੀ ਸੀ ਤੇ ਪੁਰਾਣੇ ਦਰਵਾਜ਼ਿਆਂ ਦੇ ਖੁੱਲ੍ਹਣ ਦੀ ਘਰ-ਘਰਾਹਟ ਭਰੀ ਆਵਾਜ਼ ਵੀ। ਬੱਚੇ ਖੁਸ਼ ਹੋ ਕੇ ਹਨ੍ਹੇਰੇ ’ਚੋਂ ਲਿਉਡੋਵਿਕੋ ਨੂੰ ਬੁਲਾ ਰਹੇ ਸਨ। ਅਸਲ ’ਚ ਉਨ੍ਹਾਂ ਦੇ ਮਨ ’ਚ ਉਸ ਖ਼ਾਸ ਕਮਰੇ ਵਿਚ ਸੌਂਣ ਦਾ ਸ਼ੈਤਾਨੀ ਖ਼ਿਆਲ ਆਇਆ ਸੀ। ਮਿਗੁਏਲ ਓਤੇਰੋ ਸਿਲਵਾ ਬਹੁਤ ਖੁਸ਼ ਹੋਇਆ ਅਤੇ ਉਸਨੇ ਇਸ ਗੱਲ ਲਈ ਹਾਮੀ ਵੀ ਭਰ ਦਿੱਤੀ, ਜਦਕਿ ਸਾਡੇ ਅੰਦਰ ਉਨ੍ਹਾਂ ਨੂੰ ‘ਨਾ' ਕਹਿਣ ਦਾ ਹੌਂਸਲਾ ਨਹੀਂ ਸੀ।
ਮੇਰੇ ਸ਼ੱਕ ਤੋਂ ਉਲਟ ਸਾਨੂੰ ਰਾਤੀਂ ਬਹੁਤ ਸੋਹਣੀ ਨੀਂਦ ਆਈ। ਮੈਂ ਤੇ ਮੇਰੀ ਪਤਨੀ ਪਹਿਲੀ ਮੰਜ਼ਿਲ ਦੇ ਕਮਰੇ ’ਚ ਸੁੱਤੇ ਸਾਂ ਅਤੇ ਦੋਵੇਂ ਬੱਚੇ ਚੌਥੀ ਮੰਜ਼ਿਲ ਦੇ ਨਾਲ-ਨਾਲ ਲੱਗਦੇ ਦੌ ਕਮਰਿਆਂ ਵਿਚ ਸੁੱਤੇ ਸਨ। ਦੋਵੇਂ ਕਮਰੇ ਸਹੂਲਤ ਅਨੁਸਾਰ ਨਵੇਂ ਤਰੀਕੇ ਨਾਲ ਬਣਵਾਏ ਹੋਏ ਸਨ ਅਤੇ ਉਨ੍ਹਾਂ ਬਾਰੇ ਕੁਝ ਵੀ ਡਰਾਵਣਾ ਨਹੀਂ ਸੀ।
ਜਦੋਂ ਮੈਂ ਨੀਂਦ ਨੂੰ ਉਡੀਕ ਰਿਹਾ ਸੀ, ਤਾਂ ਬਾਹਰਲੇ ਕਮਰੇ ਦੀ ਪੈਂਡੂਲਮ-ਘੜੀ ਦੀ ਟਨ-ਟਨ ਵੱਜਦੀ ਸੁਣੀ, ਉਦੋਂ ਮੈਨੂੰ ਹੰਸਾਂ ਦੀ ਦੇਖਭਾਲ ਕਰਦੀ ਹੋਈ ਉਸ ਬਜ਼ੁਰਗ ਔਰਤ ਦੀ ਡਰਾਵਣੀ ਗੱਲ ਯਾਦ ਆਈ, ਪਰ ਅਸੀਂ ਸਾਰੇ ਇੰਨੇ ਜ਼ਿਆਦਾ ਥੱਕ ਗਏ ਸੀ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਗੂੜ੍ਹੀ ਨੀਂਦ ਨੇ ਆ ਘੇਰਿਆ।
ਸਵੇਰੇ ਮੇਰੀ ਅੱਖ ਸੱਤ ਵਜੇ ਤੋਂ ਬਾਅਦ ਖੁੱਲ੍ਹੀ। ਖਿੜਕੀ ਦੇ ਸਹਾਰੇ ਉੱਪਰ ਨੂੰ ਜਾ ਰਹੀ ਅੰਗੂਰਾਂ ਦੀ ਵੇਲ ਵਿਚੋਂ ਧੁੱਪ ਛਣ ਕੇ ਕਮਰੇ ਅੰਦਰ ਆ ਰਹੀ ਸੀ। ਮੇਰੇ ਨਾਲ ਸੁੱਤੀ ਮੇਰੀ ਪਤਨੀ ਕਿੰਨੀ ਮਾਸੂਮ ਤੇ ਸ਼ਾਂਤ ਲੱਗ ਰਹੀ ਸੀ। ਮੈਂ ਆਪਣੇ ਆਪ ਨੂੰ ਕਿਹਾ ਕਿ, “ਇਸ ਯੁੱਗ ’ਚ ਭੂਤ-ਪ੍ਰੇਤਾਂ ਬਾਰੇ ਸੋਚਣਾ ਵੀ ਬੇਵਕੂਫ਼ੀ ਹੈ।” ਫਿਰ ਸਟ੍ਰਾਬੇਰੀ ਦੀ ਖੁਸ਼ਬੂ ਨੇ ਮੈਨੂੰ ਸੁੰਨ ਕਰ ਦਿੱਤਾ ਤੇ ਮੈਂ ਕਮਰੇ ’ਚ ਅੱਗ ਸੁਲਗਾਉਣ ਵਾਲੀ ਜਗ੍ਹਾ ਵੀ ਦੇਖੀ, ਜਿਥੇ ਠੰਡੀ ਰਾਖ਼ ਅਤੇ ਪੱਥਰ ਹੋਈ ਆਖ਼ਰੀ ਲੱਕੜ ਪਈ ਸੀ। ਇਸ ਦੇ ਨਾਲ ਹੀ ਮੈਨੂੰ ਉਸ ਉਦਾਸ ਵਡੇਰੇ ਪੁਰਖੇ ਦਾ ਟੰਗਿਆ ਤੇਲ-ਚਿੱਤਰ ਵੀ ਦਿਖਾਈ ਦਿੱਤਾ, ਜਿਹੜਾ ਤਿੰਨ ਸਦੀਆਂ ਦੀ ਦੂਰੀ ਪਾਰ ਕਰਕੇ ਵੀ ਸਾਨੂੰ ਦੇਖ ਰਿਹਾ ਸੀ। ਕਿਉਂਕਿ ਅਸੀਂ ਪਹਿਲੀ ਮੰਜ਼ਿਲ ਦੇ ਆਪਣੇ ਕਮਰੇ ਵਿਚ ਨਹੀਂ ਸਾਂ, ਜਿਥੇ ਅਸੀਂ ਪਿਛਲੀ ਰਾਤ ਸੁੱਤੇ ਸੀ, ਸਗੋਂ ਅਸੀਂ ਲਿਉਡੋਵਿਕੋ ਦੇ ਕਮਰੇ ਵਿਚ ਸਾਂ, ਜਿਥੇ ਬਿਸਤਰ ਦੇ ਉੱਪਰ ਗੋਲ ਛੱਤਰੀਨੁਮਾ ਡਿਜ਼ਾਇਨ ਬਣਿਆ ਹੋਇਆ ਸੀ, ਧੂੜ ਨਾਲ ਭਰੇ ਹੋਏ ਪਰਦੇ ਸਨ ਅਤੇ ਬਿਸਤਰੇ ਦੀ ਚਾਦਰ ਹਜੇ ਵੀ ਸਰਾਪਿਤ ਮ੍ਰਿਤਕ ਦੇ ਗਰਮ ਖੂਨ ਨਾਲ ਭਿੱਜੀ ਹੋਈ ਸੀ।
ਪੰਜਾਬੀ ਅਨੁਵਾਦ: ਸਿਮਰਨ.
-੦੦੦-
Comments
Post a Comment