ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ
ਉਹ ਦਿਨ ਅਜਿਹਾ ਹੀ ਸੀ- ਨੀਲੀ ਧੁੰਦ, ਬੀਤੀਆਂ ਯਾਦਾਂ ਤੇ ਗੀਤਾਂ ਦਾ ਦਿਨ। ਮੈਂ ਦੁਪਹਿਰ ਭਰ ਆਪਣੇ ਕਮਰੇ ਵਿਚ ਬੈਠਾ ਰਿਹਾ ਅਤੇ ਪੁਰਾਣੇ ਰਿਕਾਰਡ ਸੁਣਦਾ ਰਿਹਾ। ਹਰ ਪਾਸੇ ਚਾਨਣ ਨਾਲੋਂ ਜ਼ਿਆਦਾ ਹਨ੍ਹੇਰਾ ਸੀ ਅਤੇ ਮੈਂ ਬੈਠਾ-ਬੈਠਾ ਉਸ ਗਾਣੇ ਨੂੰ ਯਾਦ ਕਰਦਾ ਰਿਹਾ, ਜੋ ਇਕ ਵਾਰ ਮੈਂ ਬੱਸ ਵਿਚ ਇਕ ਕੁੜੀ ਨੂੰ ਸੁਣਾਇਆ ਸੀ। ਕੁਝ ਪਲ਼ਾਂ ਲਈ ਅਸੀਂ ਇਕ-ਦੂਜੇ ਨੂੰ ਮੁਹੱਬਤ ਕਰਨ ਲੱਗੇ ਸੀ। ਟੋਪੇਕਾ ਪਹੁੰਚਦਿਆਂ ਹੀ ਉਹ ਬੱਸ ਵਿਚੋਂ ਉਤਰ ਗਈ ਅਤੇ ਫਿਰ ਮੈਂ ਉਸਨੂੰ ਕਦੀ ਨਹੀਂ ਦੇਖਿਆ।
ਮੈਂ ਉਸਨੂੰ ਚੁੰਮਿਆ ਸੀ। ਉਹ ਰੋ ਰਹੀ ਸੀ। ਮੁਹੱਬਤ ਦੀ ਬੇਵੱਸ ਪੀੜ ਨਾਲ ਮੈਂ ਟੁੱਟ ਗਿਆ ਸੀ। ਉਹ ਅਗਸਤ ਦੀ ਜਵਾਨ ਰਾਤ ਸੀ ਅਤੇ ਮੈਂ ਜ਼ਿੰਦਗੀ ’ਚ ਪਹਿਲੀ ਵਾਰ ਨਿਊਯਾਰਕ ਜਾ ਰਿਹਾ ਸੀ। ਮੈਂ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਉਹ ਆਪਣੇ ਰਸਤੇ ਜਾ ਰਹੀ ਸੀ ਅਤੇ ਮੈਂ ਆਪਣੇ।
ਅੱਜ ਧੁੰਦ ਦੀ ਇਸ ਸੁੰਨੀ ਦੁਪਹਿਰ ਨੂੰ ਮੈਂ ਕਮਰੇ ਵਿਚ ਬੈਠਾ-ਬੈਠਾ ਇਹੀ ਸੋਚਦਾ ਰਿਹਾ ਕਿ ਕਿਵੇਂ ਕੋਈ ਇਕ ਰਾਹ ਫੜ੍ਹ ਲੈਂਦਾ ਹੈ ਅਤੇ ਹੋਰ ਸਾਰੇ ਜਾਣਕਾਰ ਦੂਜੇ ਰਾਹਾਂ ’ਤੇ ਚਲੇ ਜਾਂਦੇ ਹਨ; ਹਰ ਜ਼ਿੰਦਗੀ ਦਾ ਆਪਣਾ ਅਲੱਗ ਰਾਹ ਹੈ ਅਤੇ ਹਰ ਘੜੀ ਕਿਤੇ ਨਾ ਕਿਤੇ ਕੋਈ ਨੌਜਵਾਨ ਮਰ ਜਾਂਦਾ ਹੈ। ਕੁਝ ਲੋਕ ਰਾਹ ਤੈਅ ਕਰਦੇ ਕਰਦੇ ਖ਼ਤਮ ਹੋ ਜਾਂਦੇ ਹਨ। ਕਹਿਣ ਨੂੰ ਇਹ ਦੁਨੀਆਂ ਛੋਟੀ ਜਿਹੀ ਹੋ ਗਈ ਪਰ ਇਸ ਜ਼ਿੰਦਗੀ ’ਚ ਜੇ ਕਿਸੇ ਨਾਲ ਦੁਬਾਰਾ ਮਿਲਣਾ ਨਾ ਹੋ ਸਕੇ ਤਾਂ ਫਿਰ ਕਦੀ ਮਿਲਣਾ ਨਹੀਂ ਹੁੰਦਾ। ਜੇ ਤੁਸੀਂ ਵਾਪਿਸ ਮੁੜ ਕੇ ਉਨ੍ਹਾਂ ਵਿਚੋਂ ਇਕ-ਇਕ ਨੂੰ ਲੱਭ ਕੱਢੋ ਤਾਂ ਵੀ ਉਹ ਤੁਹਾਨੂੰ ਮਰੇ ਹੋਏ ਹੀ ਮਿਲਣਗੇ ਕਿਉਂਕਿ ਕੋਈ ਵੀ ਅਜਿਹਾ ਰਾਹ ਨਹੀਂ ਹੈ ਜੋ ਮੌਤ ਵੱਲ ਨਹੀਂ ਜਾਂਦਾ।
ਜਦੋਂ ਬੱਸ ਟੋਪੇਕਾ ਪਹੁੰਚੀ ਤਾਂ ਉਹ ਹੇਠਾਂ ਉਤਰ ਗਈ ਅਤੇ ਮੋੜ ਤੋਂ ਮੁੜ ਕੇ ਅੱਖਾਂ ਤੋਂ ਓਹਲੇ ਹੋ ਗਈ। ਮੈਂ ਉਸਨੂੰ ਫਿਰ ਕਦੇ ਨਹੀਂ ਦੇਖਿਆ। ਮੈਂ ਬਹੁਤ ਸਾਰੀਆਂ ਕੁੜੀਆਂ ਨੂੰ ਮਿਲਿਆ, ਜੋ ਓਨੀਆਂ ਹੀ ਸੋਹਣੀਆਂ ਸਨ ਜਿੰਨੀ ਉਹ, ਪਰ ਉਹਦੇ ਜਿਹੀ ਕੋਈ ਨਹੀਂ ਸੀ; ਉਸਦੇ ਨਰਮ ਅਤੇ ਉਦਾਸ ਲਹਿਜੇ ਜਿਹਾ ਲਹਿਜਾ ਕਿਸੇ ਦਾ ਨਹੀਂ ਸੀ, ਜਿਸ ਤਰ੍ਹਾਂ ਉਹ ਰੋਈ ਸੀ, ਉਹਦੇ ਵਾਂਗ ਅੱਜ ਤੱਕ ਮੈਂ ਕਿਸੇ ਨੂੰ ਰੋਂਦਿਆਂ ਨਹੀਂ ਦੇਖਿਆ; ਜਿਸ ਤਰ੍ਹਾਂ ਉਸਨੂੰ ਉਦਾਸ ਦੇਖਿਆ ਸੀ, ਫਿਰ ਕਦੇ ਜ਼ਿੰਦਗੀ ‘ਚ ਓਨਾ ਉਦਾਸ ਕਿਸੇ ਹੋਰ ਨੂੰ ਨਹੀਂ ਦੇਖ ਸਕਾਂਗਾ।
ਅਮਰੀਕਾ ਦੀ ਉਹ ਰਾਤ ਸਾਰੀਆਂ ਰਾਤਾਂ ਤੋਂ ਵੱਖਰੀ ਸੀ।
ਅੱਜ ਚਾਹੇ ਉਹ ਜ਼ਿਆਦਾ ਸੋਹਣੀ ਹੋਵੇ, ਪਰ ਉਸ ਰਾਤ ਦੀ ਉਦਾਸੀ ਫਿਰ ਕਦੇ ਨਹੀਂ ਆਵੇਗੀ ਅਤੇ ਫਿਰ ਉਹ ਜਾਂ ਕੋਈ ਹੋਰ ਉਸ ਰਾਤ ਵਾਂਗ ਨਹੀਂ ਰੋ ਸਕੇਗਾ, ਅਤੇ ਫਿਰ ਜੋ ਉਸਨੂੰ ਚੁੰਮੇਗਾ ਉਹ ਉਸ ਰਾਤ ਦੀ ਤਰ੍ਹਾਂ ਮੁਹੱਬਤ ’ਚ ਟੁੱਟ ਨਹੀਂ ਜਾਵੇਗਾ। ਇਹ ਸਾਰਾ ਕੁਝ ਅਮਰੀਕਾ ਦੀ ਇਕ ਰਾਤ ਦੀ ਪੂੰਜੀ ਹੈ, ਜੋ ਹੁਣ ਗਵਾਚ ਗਈ ਹੈ ਅਤੇ ਕਦੇ ਨਹੀਂ ਮਿਲੇਗੀ। ਉਸ ਰਾਤ ਦੀ ਇਹ ਯਾਦ ਸਦੀਆਂ ’ਚ ਵਾਪਰਨ ਵਾਲੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਨਾਲ ਜੁੜੀ ਹੋਈ ਹੈ- ਜੋ ਆਪਣੇ ਆਪ ਵਿਚ ਕਿੰਨੀਆਂ ਵੀ ਅਰਥਹੀਣ ਅਤੇ ਅਣਗਿਣਤ ਕਿਉਂ ਨਾ ਰਹੀਆਂ ਹੋਣ, ਪਰ ਜੋ ਉਸਨੂੰ ਮੇਰੇ ਕੋਲ, ਮੇਰੀ ਸੀਟ ‘ਤੇ ਲੈ ਆਈਆਂ ਸਨ। ਇਹ ਸਿਰਫ਼ ਉਨ੍ਹਾਂ ਅਣਜਾਣੀਆਂ ਘਟਨਾਵਾਂ ਦਾ ਨਤੀਜਾ ਸੀ, ਕਿ ਅਸੀਂ ਦੋਵੇਂ ਅਚਾਨਕ ਉਸ ਦਿਨ ਮਿਲ ਗਏ ਸੀ ਅਤੇ ਉਸਦੇ ਜਾਣ ਤੋਂ ਬਾਅਦ ਵੀ ਮੈਂ ਉਸਦੀ ਉਡੀਕ ਕਰਦਾ ਰਿਹਾ ਸੀ।
ਉਹ ਆਈ ਅਤੇ ਮੇਰੇ ਨੇੜੇ ਬੈਠ ਗਈ। ਮੈਂ ਸਮਝ ਗਿਆ ਕਿ ਐਨੇ ਵਰ੍ਹਿਆਂ ਤੋਂ ਮੈਂ ਸਿਰਫ਼ ਉਸਦੀ ਹੀ ਉਡੀਕ ਕਰਦਾ ਰਿਹਾ ਹਾਂ। ਪਰ ਜਦੋਂ ਟੋਪੇਕਾ ਉਹ ਬੱਸ ਤੋਂ ਉਤਰ ਗਈ, ਮੈਂ ਉਥੇ ਹੀ ਬੈਠਾ ਹੀ ਰਿਹਾ ਅਤੇ ਤਿੰਨ ਦਿਨ ਬਾਅਦ ਨਿਊਯਾਰਕ ਪਹੁੰਚ ਗਿਆ।
ਸਿਰਫ਼ ਏਨਾ ਚਿਰ ਹੀ ਲੱਗਿਆ। ਪਰ ਮੇਰਾ ਕੁਝ ਹੈ ਜੋ ਅੱਜ ਤੱਕ ਅਮਰੀਕਾ ਦੀ ਉਸ ਦੂਰ, ਨਿੱਘੀ ਰਾਤ ਵਿਚ ਸਿਮਟ ਕੇ ਰਹਿ ਗਿਆ ਹੈ।
ਜਦੋਂ ਦਿਨ ਦਾ ਹਨ੍ਹੇਰਾ ਰਾਤ ਦੇ ਹਨ੍ਹੇਰੇ ‘ਚ ਘੁਲ ਗਿਆ, ਮੈਂ ਹੈਟ ਪਾਇਆ ਅਤੇ ਘਰੋਂ ਬਾਹਰ ਨਿਕਲ ਆਇਆ। ਕੋਹਰੇ ਨੂੰ ਚੀਰਦਾ ਹੋਇਆ ਮੈਂ ਸ਼ਹਿਰ ਵੱਲ ਚੱਲਣ ਲੱਗਿਆ। ਮੇਰਾ ਦਿਲ ਇਕ ਖਾਮੋਸ਼ ਕੁੱਤੇ ਦੀ ਤਰ੍ਹਾਂ ਮੇਰੇ ਨਾਲ-ਨਾਲ ਆ ਰਿਹਾ ਸੀ। ਸ਼ਹਿਰ ਵਿਚ ਮੈਨੂੰ ਮਰੇ ਹੋਏ ਕੁਝ ਲੋਕ ਮਿਲੇ, ਜੋ ਮੇਰੇ ਦੋਸਤ ਹਨ। ਹਾਸਿਆਂ ਦੇ ਠਹਾਕਿਆਂ ਨਾਲ-ਜੋ ਰੋਣ ਤੋਂ ਕਿਤੇ ਜ਼ਿਆਦਾ ਕੌੜੇ ਤੇ ਦਰਦਨਾਕ ਸਨ- ਅਸੀਂ ਰੇਸਤਰਾਂ ਵਿਚ ਖਾਧਾ-ਪੀਤਾ, ਗੱਪੇ ਮਾਰੇ ਅਤੇ ਗੀਤ ਗਾਏ ਅਤੇ ਇਸੇ ਦੌਰਾਨ ਮੈਨੂੰ ਉਸ ਕੁੜੀ ਦੀਆਂ ਬੇਹੋਸ਼ ਹਿਚਕੀਆਂ ਯਾਦ ਆਉਂਦੀਆਂ ਰਹੀਆਂ ਕਿਉਂਕਿ ਕੁਝ ਨਿੱਕੀਆਂ ਨਿੱਕੀਆਂ ਘਟਨਾਵਾਂ ਨਾਲ ਲਿਪਟੇ ਵਰ੍ਹੇ ਸਾਨੂੰ ਜ਼ਬਰਨ ਇਕ-ਦੂਜੇ ਦੇ ਨੇੜੇ ਘਸੀਟ ਲਿਆਏ ਸਨ ਅਤੇ ਮੇਰਾ ਅਣਜਾਣ ਦਿਲ ਵਾਰ-ਵਾਰ ਮੈਨੂੰ ਕਹਿ ਰਿਹਾ ਸੀ ਕਿ ਮੈਂ ਸਿਰਫ਼ ਉਸਦੇ ਨਾਲ ਰਹਾਂ ਅਤੇ ਕਿਤੇ ਨਾ ਜਾਵਾਂ। ਕਹਿ ਰਿਹਾ ਸੀ ਕਿ ਹੋਰ ਕਿਤੇ ਵੀ ਜਾਣਾ ਬਾਕੀ ਨਹੀਂ ਰਹਿ ਗਿਆ ਹੈ।
ਹਿੰਦੀ ਅਨੁਵਾਦ- ਨਿਰਮਲ ਵਰਮਾ
ਪੰਜਾਬੀ ਅਨੁਵਾਦ- ਸਿਮਰਨ.
Comments
Post a Comment