ਅਨੁਵਾਦ: ਕਹਾਣੀ ਲਿਖਣ ਦੀ ਕਲਾ- ਤਨੁਜ ਸੋਲੰਕੀ



[ਤਸਵੀਰ: ਪਿੰਟਰਸਟ ਤੋਂ]


ਉਸਦੀ ਅੱਖ ‘ਚ ਗੋਲੀ ਮਾਰੀ ਗਈ ਸੀ ਅਤੇ ਪੁਲਿਸ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਸੀ. ਕਿਉਂਕਿ ਇਹ ਗੱਲ ਇਕ ਮੈਡੀਕਲ ਰਿਪੋਰਟ ‘ਚ ਲਿਖੀ ਗਈ ਸੀ ਅਤੇ ਇਸ ਲਈ ਐਫਆਈਆਰ ਵੀ ਇਸੇ ਤੱਥ ਨੂੰ ਲੈ ਕੇ ਹੋਣੀ ਸੀ.


ਉਸਨੂੰ ਪੋਇੰਟ-ਬਲੈਂਕ ਰੇਂਜ ਨਾਲ ਗੋਲੀ ਮਾਰੀ ਗਈ ਸੀ ਅਤੇ ਉਸਦੇ ਚਿਹਰੇ ਦੀ ਬੁਰੀ ਹਾਲਤ ਦੇਖ ਕੇ ਇਹ ਦੱਸਣਾ ਮੁਸ਼ਕਿਲ ਨਹੀਂ ਸੀ. ਪਰ ਅਜਿਹਾ ਕੋਈ ਬਿਆਨ ਨਹੀਂ ਸੀ, ਜੋ ਇਹ ਸਾਫ਼ ਸਾਫ਼ ਕਹਿੰਦਾ, ਦੂਜੀ ਗੱਲ ਇਹ ਕਿ ਦੂਰੀ ਕਿੰਨੀ ਸੀ ਇਹ ਪਤਾ ਕਰਨ ਲਈ ਜਖ਼ਮ ਦੀ ਕੋਈ ਮੈਡੀਕਲ ਜਾਂਚ ਵੀ ਨਹੀਂ ਹੋਈ ਸੀ. ਜਿਵੇਂ ਕਿ ਇਹ ਦੋਵੇਂ ਗੱਲਾਂ ਹੀ ਹੁਣ (ਵਾਰਦਾਤ ਨੂੰ ਹੋਇਆ ਕੁਝ ਮਹੀਨੇ ਬੀਤ ਚੁੱਕੇ ਸਨ) ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ ਸਨ, ਇਸ ਲਈ ਐਫਆਈਆਰ ਲਿਖਣਵਾਲੇ ਨੇ ਇਸ ਤੱਥ ਨੂੰ ਹਟਾ ਦੇਣਾ ਵਾਜਿਬ ਸਮਝਿਆ ਕਿ ਉਸੇ ਪੋਇੰਟ-ਬਲੈਂਕ ਰੇਂਜ ਨਾਲ ਅੱਖ 'ਚ ਗੋਲੀ ਮਾਰੀ ਗਈ ਸੀ.


ਜਦੋਂ ਉਸਨੂੰ ਅਨਿਸ਼ਚਿਤ ਜਿਹੀ ਦੂਰੀ ਤੋਂ ਅੱਖ 'ਚ ਗੋਲੀ ਮਾਰੀ ਗਈ ਸੀ, ਉਸ ਸਮੇਂ ਉਹ ਆਪਣੇ ਘਰ ਦੇ ਬਹੁਤ ਨੇੜੇ ਸੀ, ਪਰ ਆਪਣੇ ਘਰ ਦੇ ਏਨਾ ਨੇੜੇ ਹੋਣ ਦੇ ਬਾਵਜੂਦ ਹਮਲਾ ਹੋਣ ਦੀ ਗੱਲ ਤੋਂ ਹਮਲਾਵਰਾਂ ਦੀ ਹਿੰਮਤ ਸਾਫ਼ ਨਜ਼ਰ ਆਉਂਦੀ ਹੈ, ਇਸ ਤੱਥ ਨੂੰ ਹਟਾ ਦਿੱਤਾ ਗਿਆ ਅਤੇ ਐਫਆਈਆਰ ਨੇ ਇਹ ਤਰੀਕਾ ਲੱਭ ਲਿਆ ਕਿ ਉਸਨੂੰ ਅੱਖ 'ਚ ਗੋਲੀ ਉਸ ਜਗਾ ਤੋਂ ਮਾਰੀ ਗਈ ਸੀ, ਜੋ ਉਸਦੇ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਸੀ.


ਇਕ ਅਨਿਸ਼ਚਿਤ ਜਿਹੀ ਦੂਰੀ ਤੋਂ ਗੋਲੀ ਮਾਰੇ ਜਾਣ ਤੋਂ ਪਹਿਲਾਂ ਜਦੋਂ ਉਹ ਆਪਣੇ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਸੀ ਤਾਂ ਉਸਨੂੰ ਤਕਰੀਬਨ ਦੋ ਦਰਜਨ ਲੋਕਾਂ ਨੇ ਘੇਰ ਲਿਆ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਉਹ ਜਾਣਦਾ ਸੀ, ਕਿਉਂਕਿ ਉਹ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਸੀ ਅਤੇ ਸਾਰੇ ਉਸਨੂੰ ਲੱਤਾਂ-ਮੁੱਕੀਆਂ ਨਾਲ ਕੁੱਟਦੇ ਹੋਏ ਜੈ! ਜੈ! ਦੇ ਨਾਅਰੇ ਲਗਾ ਰਹੇ ਸਨ, ਪਰ ਜਿਵੇਂ ਕਿ ਮੈਡੀਕਲ ਰਿਪੋਰਟ 'ਚ ਉਸਦੀ ਅੱਖ ਤੋਂ ਇਲਾਵਾ ਕਿਸੇ ਹੋਰ ਸੱਟ ਦਾ ਕੋਈ ਜ਼ਿਕਰ ਨਹੀਂ ਸੀ, ਅਤੇ ਜੈ! ਜੈ! ਦੇ ਨਾਅਰਿਆਂ ਦੀ ਕੋਈ ਰਿਕਾਰਡਿੰਗ ਨਹੀਂ ਸੀ ਤਾਂ ਇਨ੍ਹਾਂ ਤੱਥਾਂ ਨੂੰ ਹਟਾ ਦਿੱਤਾ ਗਿਆ , ਜਦੋਂ ਕਿ ਇਸ ਤਰਕ ਨੂੰ ਮੱਦੇਨਜ਼ਰ ਰੱਖਿਆ ਗਿਆ ਕਿ ਆਪਣੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਇਕ ਅਨਿਸ਼ਚਿਤ ਦੂਰੀ ਤੋਂ ਅੱਖ 'ਚ ਗੋਲੀ ਮਾਰਨ ਲਈ ਦਰਜਨਾਂ ਬੰਦਿਆਂ ਦੀ ਅਸਲ 'ਚ ਜ਼ਰੂਰਤ ਨਹੀਂ ਸੀ ਅਤੇ ਇਸ ਲਈ ਐਫਆਈਆਰ 'ਚ ਵੀ ਕਿਸੇ ਦੇ ਨਾਮ ਦਾ ਵੇਰਵਾ ਨਾ ਦਿੱਤਾ ਗਿਆ ਅਤੇ ਬਸ ਏਨਾ ਦਰਜ ਕੀਤਾ ਗਿਆ ਕਿ ਆਪਣੇ ਘਰ ਤੋਂ ਲਗਭਗ ਅੱਧੇ ਕਿਲੋਮੀਟਰ ਦੀ ਦੂਰੀ 'ਤੇ ਕਰਾਸ-ਫਾਇਰਿੰਗ 'ਚ ਉਸਦੀ ਅੱਖ 'ਚ ਗੋਲੀ ਲੱਗੀ ਸੀ.


ਖੱਬੀ ਅੱਖ 'ਚ ਗੋਲੀ ਲੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ ਅਤੇ ਉਸ 'ਤੇ ਹਮਲਾ ਕਰਨ ਵਾਲੇ, ਜੋ ਉਸ ਤੋਂ ਇਕ ਰਹੱਸਮਈ ਤੇ ਅਨਿਸ਼ਚਿਤ ਦੂਰੀ 'ਤੇ ਸਨ, ਉਸਨੂੰ ਮਰਨ ਲਈ ਛੱਡ ਗਏ, ਪਰ ਇਸ ਤੱਥ ਦਾ ਕੋਈ ਖ਼ਾਸ ਵੇਰਵਾ ਨਹੀਂ ਸੀ, ਇਸ ਲਈ ਐਫਆਈਆਰ 'ਚ ਇਸਦਾ ਜ਼ਿਕਰ ਬਿਲਕੁਲ ਨਹੀਂ ਸੀ.


ਖੱਬੀ ਅੱਖ 'ਚ ਗੋਲੀ ਲੱਗਣ ਤੋਂ ਕੁਝ ਮਿੰਟ ਬਾਅਦ ਉਸਨੂੰ ਮੁੜ ਹੋਸ਼ ਆਇਆ ਅਤੇ ਮਦਦ ਲਈ ਆਪਣੇ ਆਲੇ-ਦੁਆਲੇ ਕਿਸੇ ਨੂੰ ਨਾ ਦੇਖ ਕੇ ਅਤੇ ਇਸ ਡਰ ਨਾਲ ਕਿ ਅੱਖ 'ਚ ਗੋਲੀ ਲੱਗਣ ਦਾ ਮਤਲਬ ਮੌਤ ਪੱਕੀ ਹੈ, ਤਾਂ ਉਸਨੇ ਆਪਣੇ ਖ਼ੁਦਾ ਨੂੰ ਦੁਆ ਕੀਤੀ ਕਿ ਉਸਨੂੰ ਸੜਕ 'ਤੇ ਮੌਤ ਨਾ ਆਵੇ, ਉਹ ਕੁੱਤੇ ਦੀ ਮੌਤ ਨਾ ਮਰੇ, ਕਿ ਉਹ ਆਪਣੇ ਘਰ ਦੀ ਦਹਿਲੀਜ਼ 'ਤੇ ਕਿਸੇ ਤਰ੍ਹਾਂ ਪਹੁੰਚ ਜਾਵੇ ਤੇ ਸ਼ਾਇਦ ਇਹ ਉਸਦੀ ਦੁਆ ਦਾ ਅਸਰ ਸੀ ਕਿ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ, ਚੱਲ ਕੇ ਆਪਣੇ ਘਰ ਪਹੁੰਚ ਗਿਆ, ਪਰ ਜਿਵੇਂ ਕਿ ਦੂਰੀ ਪਹਿਲਾਂ ਹੀ ਅੱਧਾ ਕਿਲੋਮੀਟਰ ਦੱਸ ਦਿੱਤੀ ਗਈ ਹੈ ਅਤੇ ਲਹੂਲੁਹਾਨ ਖੋਪੜੀ ਨਾਲ ਕਿਸੇ ਆਦਮੀ ਲਈ ਅੱਧਾ ਕਿਲੋਮੀਟਰ ਦੀ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ, ਐਫਆਈਆਰ 'ਚ ਚੱਲ ਕੇ ਘਰ ਜਾਣ ਦੀ ਗੱਲ ਦਾ ਜ਼ਿਕਰ ਨਾ ਕੀਤਾ ਗਿਆ. 


ਇਕ ਅਨਿਸ਼ਚਿਤ ਜਿਹੀ ਦੂਰੀ ਤੋਂ ਆਪਣੀ ਖੱਬੀ ਅੱਖ 'ਚ ਗੋਲੀ ਖਾਣ ਅਤੇ ਕਿਸੇ ਤਰ੍ਹਾਂ ਘਰ ਪਹੁੰਚਣ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਜਾਣ ਦੀ ਹਰ ਸੰਭਵ ਕੋਸ਼ਿਸ਼ ਉਦੋਂ ਤੱਕ ਕਰਦੇ ਰਹੇ, ਜਦੋਂ ਤੱਕ ਇਕ ਰਿਕਸ਼ੇਵਾਲਾ, ਜਿਸਦੇ ਧਰਮ ਬਾਰੇ ਪਤਾ ਨਾ ਲੱਗ ਸਕਿਆ, ਮਿਲ ਨਾ ਗਿਆ, ਜੋ ਫਿਰ ਉਸਨੂੰ ਅਤੇ ਉਸਦੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਹਸਪਤਾਲ ਲੈ ਤਾਂ ਗਿਆ, ਪਰ ਰਾਹ 'ਚ ਦੋ ਦਫ਼ਾ 'ਜੈ ਜੈ!' ਭੀੜ ਵੱਲੋਂ ਘੇਰ ਲਿਆ ਗਿਆ, ਪਰ ਦੋਵੇਂ ਹੀ ਮੌਕਿਆਂ 'ਤੇ ਉਹ ਕਮਾਲ ਦੀ ਰਫ਼ਤਾਰ ਨਾਲ ਉਨ੍ਹਾਂ ਤੋਂ ਬਚ ਨਿਕਲਿਆ ਕਿ ਬਾਅਦ 'ਚ ਪਰਿਵਾਰ ਵਾਲਿਆਂ ਨੇ ਅੰਦਾਜ਼ਾ ਲਗਾਇਆ ਸੀ, ਖ਼ਾਸ ਕਰਕੇ ਇਸ ਲਈ ਕਿ ਉਨ੍ਹਾਂ ਨੂੰ ਉਸਦਾ ਚਿਹਰਾ ਯਾਦ ਨਾ ਰਿਹਾ, ਕਿ ਰਿਕਸ਼ੇਵਾਲਾ ਸ਼ਾਇਦ ਕਿਸੇ ਹੋਰ ਹੀ ਦੁਨੀਆਂ ਦਾ ਸੀ, ਪਰ ਜਿਵੇਂ ਕਿ ਸ਼ਿਕਾਇਤ ਕਰਤਾ ਨੂੰ ਉਸਦੀ ਰਿਹਾਇਸ਼ ਤੋਂ ਅੱਧਾ ਕਿਲੋਮੀਟਰ ਦੂਰ ਰੱਖਿਆ ਸੀ ਅਤੇ ਤੁਰ ਕੇ ਘਰ ਜਾਣ ਵਾਲੀ ਗੱਲ ਦਾ ਜ਼ਿਕਰ ਨਹੀਂ ਸੀ, ਤਾਂ ਰਿਕਸ਼ੇਵਾਲੇ ਦੀ ਕਹਾਣੀ ਨੂੰ, ਜੋ ਵੈਸੇ ਵੀ ਹੋਰ ਦੁਨੀਆਂ ਦੀ ਪ੍ਰਤੀਤ ਹੁੰਦੀ ਸੀ, ਸ਼ਾਮਿਲ ਕਰਨਾ ਸੰਭਵ ਨਹੀਂ ਸੀ ਅਤੇ ਜਿਵੇਂ ਕਿ ਪੁਲਿਸ ਨੇ ਮੀਡੀਆ ਸਾਹਮਣੇ ਅਤੇ ਕੁਝ ਹੋਰ ਐਫਆਈਆਰਾਂ 'ਚ ਵੀ ਇਹ ਭੂਮਿਕਾ ਲਿਖ ਰੱਖੀ ਸੀ ਕਿ ਇਲਾਕੇ ਦੇ ਸਾਰੇ ਜਖ਼ਮੀ ਲੋਕਾਂ ਨੂੰ ਹਸਪਤਾਲ ਉਹ ਲੈ ਕੇ ਗਈ ਸੀ, ਤਾਂ ਐਫਆਈਆਰ 'ਚ ਕਹੀ ਜਾਣ ਵਾਲੀ ਇਕੋ-ਇਕ ਗੱਲ ਇਹ ਸੀ ਕਿ ਆਪਣੇ ਘਰ ਤੋਂ ਲਗਭਗ ਅੱਧੇ ਕਿਲੋਮੀਟਰ ਦੀ ਦੂਰੀ 'ਤੇ ਹੁੰਦਿਆਂ ਕਰਾਸ-ਫਾਇਰਿੰਗ ਵਿਚ ਗੋਲੀ ਖਾਣ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ (ਪੁਲਿਸ ਵੱਲੋਂ) ਹਸਪਤਾਲ ਪਹੁੰਚਾਇਆ ਗਿਆ.


ਆਪਣੀ ਖੱਬੀ ਅੱਖ 'ਚ ਗੋਲੀ ਖਾਣ ਤੋਂ ਬਾਅਦ, (ਪੁਲਿਸ ਵੱਲੋਂ) ਹਸਪਤਾਲ ਪਹੁੰਚਾਉਣ ਤੋਂ ਬਾਅਦ, ਡਾਕਟਰਾਂ ਦੇ ਕਹਿਣ ਤੋਂ ਬਾਅਦ ਕਿ ਉਹ ਜਿਉਂਦਾ ਰਹੇਗਾ, ਦੰਗਿਆ ਦੇ ਟਲਣ ਅਤੇ ਉਸਦੇ ਘਰ ਪਹੁੰਚਣ ਤੋਂ ਬਾਅਦ- ਜਾਂ ਇਹ ਕਹਿ ਲਉ ਕਿ ਬੁਰੇ ਵਕਤ ਦੇ ਗੁਜ਼ਰ ਜਾਣ ਤੋਂ ਬਾਅਦ- ਨਿਆਂ ਦੀ ਇਕ ਚਿੰਗਾਰੀ ਉਸਦੇ ਦਿਲ 'ਚ ਸੁਲਗ ਗਈ ਸੀ ਅਤੇ ਉਹ ਸ਼ਕਾਇਤ ਦਰਜ਼ ਕਰਵਾਉਣ ਪੁਲਿਸ ਥਾਣੇ ਪਹੁੰਚ ਗਿਆ, ਪਰ ਉਸਨੇ ਦੇਖਿਆ ਕਿ ਸ਼ਿਕਾਇਤ ਦਰਜ਼ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਸੀ, ਕਿਉਂਕਿ ਪਹਿਲਾਂ-ਪਹਿਲ ਤਾਂ ਪੁਲਿਸ ਨੇ ਹੀ ਇਸ ਨੂੰ ਵਕਤ ਦੇਣ ਲਾਇਕ ਨਹੀਂ ਸਮਝਿਆ, ਫਿਰ ਧਾਵਾ ਬੋਲਿਆ ਮਹਾਮਾਰੀ ਨੇ, ਜਿਸਦੇ ਪਿਛੇ-ਪਿਛੇ ਲਾਕਡਾਉਨ ਆਇਆ ਤੇ ਬਹੁਤ ਸਾਰੇ ਕੰਮ ਮੁਲਤਵੀ ਹੋ ਗਏ ਕਿਉਂਕਿ ਪੁਲਿਸ ਖ਼ੁਦ ਤਾਂ ਵਾਇਰਸ 'ਤੇ ਲਾਠੀਚਾਰਜ ਅਤੇ ਫਿਰ ਲੱਖਾਂ ਮਜ਼ਦੂਰਾਂ ਨੂੰ ਸ਼ਹਿਰ ਅੰਦਰ ਲਾਕ ਕਰਨ 'ਚ ਰੁਝੀ ਹੋਈ ਸੀ, ਜਦੋਂ ਇਹ ਸਭ ਹੋ ਰਿਹਾ ਸੀ, ਜਦੋਂ ਤਾਲਾਬੰਦੀ ਦੇ ਚੱਲਦਿਆਂ ਦੁੱਖ-ਤਕਲੀਫ਼ਾਂ ਵੱਧ ਰਹੀਆਂ ਸਨ, ਜਦੋਂ ਲੋਕ ਭੁੱਖ ਅਤੇ ਆਪਣਿਆਂ ਦੀ ਯਾਦ ਤੋਂ ਪਰੇਸ਼ਾਨ ਸਨ, ਉਦੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਉਸਦੀ ਆਪਣੀ ਪਰੇਸ਼ਾਨੀ 'ਚ ਮਿਲਣ ਲੱਗੀਆਂ ਅਤੇ ਇਸ ਹੱਦ ਤੱਕ ਮਿਲਣ ਲੱਗੀਆਂ ਕਿ ਉਸਦੀ ਆਪਣੀ ਤਕਲੀਫ਼ ਖ਼ੁਦ ਕਿਸੇ ਬੰਦਿਸ਼ ਦਾ ਰੂਪ ਅਖਤਿਆਰ ਕਰਨ ਲੱਗੀ, ਪਰ ਫਿਰ ਜਦੋਂ ਆਖਿਰਕਾਰ ਲਾਕਡਾਉਨ ਖ਼ਤਮ ਹੋ ਗਿਆ ਤਾਂ ਇਕ ਨਵੀਂ ਉਮੀਦ  ਨੇ ਜਨਮ ਲਿਆ ਅਤੇ ਉਹ ਫਿਰ ਪੁਲਿਸ ਥਾਣੇ ਜਾ ਹਾਜ਼ਰ ਹੋਇਆ ਤਾਂ ਕਿ ਉਹ ਆਪਣੀ ਕਹਾਣੀ ਦੱਸ ਸਕੇ ਕਿ ਉਸਨੂੰ ਅੱਖ 'ਚ ਗੋਲੀ ਕਿਵੇਂ ਲੱਗੀ ਸੀ.


ਜਦੋਂ ਲਾਕਡਾਉਨ ਬੀਤ ਗਿਆ, ਉਹ ਪੁਲਿਸ ਥਾਣੇ ਗਿਆ, ਜਿਥੇ ਪਹਿਲਾਂ ਵਾਂਗ ਹੀ ਜਿਸ ਪੁਲਿਸਵਾਲੇ ਨੇ ਉਸਦੀ ਸ਼ਿਕਾਇਤ ਦਰਜ ਕਰਨੀ ਸੀ, ਉਸਨੇ ਇਸ ਗੱਲ 'ਚ ਕੋਈ ਦਿਲਚਸਪੀ ਨਾ ਦਿਖਾਈ ਕਿ ਉਸਦੀ ਅੱਖ 'ਚ ਗੋਲੀ ਕਿਵੇਂ  ਲੱਗੀ ਅਤੇ ਇਸਦੇ ਉਲਟ ਉਸਨੂੰ ਧਮਕਾਇਆ ਕਿ ਇਸਦੇ ਬਾਰੇ ਦੁਬਾਰਾ ਗੱਲ ਕਰਨ ਦਾ ਅੰਜ਼ਾਮ ਠੀਕ ਨਹੀਂ ਹੋਣਾ, ਪਰ ਖੁਸ਼ਕਿਸਮਤੀ ਨਾਲ ਇਹ ਧਮਕੀ ਇਕ ਵਕੀਲ ਨੇ ਸੁਣ ਲਈ, ਜੋ ਕਿਸੇ ਕਾਰਨ ਉਸ ਕਮਰੇ 'ਚ ਮੌਜੂਦ ਸੀ, ਜਿਸਨੇ ਉਸ ਆਦਮੀ ਵੱਲੋਂ ਪੁਲਿਸਵਾਲੇ ਦਾ ਸਾਹਮਣਾ ਕੀਤਾ ਅਤੇ ਉਸੇ ਵਕਤ ਉਸਦੀ ਕਹਾਣੀ ਲਿਖ ਲਈ ਗਈ, ਤੱਥਾਂ ਵਾਲੀ ਕਹਾਣੀ: ਕਿ ਉਹ ਆਦਮੀ ਆਪਣੇ ਘਰ ਦੇ ਬਹੁਤ ਨਜਦੀਕ ਸੀ, ਕਿ ਭੀੜ ਨੇ ਉਸਨੂੰ ਘੇਰ ਲਿਆ ਸੀ ਅਤੇ ਕੁੱਟਿਆ-ਮਾਰਿਆ ਸੀ, ਕਿ ਉਸਨੂੰ ਗੁਆਂਢੀ ਨੇ ਪੋਇੰਟ-ਬਲੈਂਕ ਰੇਂਜ ਨਾਲ ਗੋਲੀ ਮਾਰੀ ਸੀ ਅਤੇ ਹੋਰ ਗੁਆਂਢੀਆਂ ਅ, ਈ, ਸ ਅਤੇ ਵੀ ਭੀੜ ਵਿਚ ਸ਼ਾਮਿਲ ਸਨ, ਕਿ ਉਨ੍ਹਾਂ ਨੇ ਉਸਨੂੰ ਮਰਨ ਲਈ ਛੱਡ ਦਿੱਤਾ ਸੀ, ਕਿ ਉਹ ਚੱਲ ਕੇ ਆਪਣੇ ਘਰ ਪਹੁੰਚਿਆ ਸੀ, ਕਿ ਉਸਨੂੰ ਰਿਕਸ਼ੇ ਵਿਚ ਹਸਪਤਾਲ ਪਹੁੰਚਾਇਆ ਗਿਆ ਸੀ- ਇਸ ਸ਼ਿਕਾਇਤ ਨੂੰ ਪੁਲਿਸਵਾਲੇ ਨੂੰ ਦੇ ਦਿੱਤਾ ਗਿਆ, ਅਤੇ ਫਿਰ ਵੀ, ਇਸਦੇ ਬਾਵਜੂਦ, ਜੋ ਐਫਆਈਆਰ ਤਿਆਰ ਹੋਈ, ਉਸਦੇ ਵਿਚ ਲਿਖਿਆ ਸੀ ਕਿ ਇਸ ਆਦਮੀ ਨੂੰ ਕਰਾਸ-ਫਾਇਰਿੰਗ ਵਿਚ ਗੋਲੀ ਲੱਗੀ ਸੀ, ਕਿ ਉਸਨੂੰ ਅਨਿਸ਼ਚਿਤ ਜਿਹੀ ਦੂਰੀ ਤੋਂ ਖੱਬੀ ਅੱਖ 'ਚ ਗੋਲੀ ਲੱਗੀ ਸੀ, ਅਤੇ ਇਹ ਕਿ ਉਸਨੂੰ (ਪੁਲਿਸ ਵੱਲੋਂ) ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ.


ਖੱਬੀ ਅੱਖ 'ਚ ਗੋਲੀ ਲੱਗਣ ਵਾਲੀ ਗੱਲ ਨੂੰ ਚਾਰ ਮਹੀਨਿਆਂ ਤੋਂ ਉੱਤੇ ਹੋ ਗਿਆ ਸੀ ਅਤੇ ਪੁਲਿਸ ਥਾਣੇ ਵਿਚ ਉਸਦੇ ਦਿੱਤੇ ਬਿਆਨ ਨੂੰ ਲਗਭਗ ਇਕ ਮਹੀਨਾ ਹੋ ਗਿਆ ਸੀ ਕਿ ਇਕ ਨੌਜਵਾਨ ਪੁਲਿਸਵਾਲਾ ਐਫਆਈਆਰ ਦੀ ਇਕ ਨਕਲ ਉਸਨੂੰ ਦੇਣ ਆਇਆ, ਜਿਸ ਵਿਚ ਕਹਾਣੀ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਸੀ ਕਿ ਉਸਦਾ ਹਰ ਪੰਨਾ ਪਲਟਦਿਆਂ ਉਹ ਹੈਰਾਨ ਹੁੰਦਾ ਗਿਆ ਅਤੇ ਆਖਿਰ ਪੁਲਿਸਵਾਲੇ ਤੋਂ, ਜੋ ਹਜੇ ਵੀ ਮਾਸਕ ਪਾਈ ਖੜ੍ਹਾ ਸੀ, ਪੁੱਛ ਬੈਠਾ, 'ਇਹ ਕਿਥੋਂ ਆਇਆ, ਭਾਈ?'


ਇਹ ਸੁਣ ਕੇ ਪੁਲਿਸਵਾਲੇ ਨੇ ਕਾਗਜ਼ ਉਸਦੇ ਹੱਥਾਂ 'ਚੋਂ ਲੈ ਕੇ ਅਤੇ ਉਸ ਵਿਚ ਦਰਜ ਇਕ ਤਾਰੀਖ਼ 'ਤੇ ਉਂਗਲ ਰੱਖ ਕੇ ਕਿਹਾ, 'ਹਸਪਤਾਲ 'ਚ ਤੂੰ ਜੋ ਬਿਆਨ ਦਿੱਤਾ ਸੀ, ਉਸ ਨਾਲ' ਅਤੇ ਫਿਰ ਉਹ ਤਾਰੀਖ਼ ਦੇਖ ਕੇ ਆਦਮੀ ਨੂੰ ਧੱਕਾ ਜਿਹਾ ਲੱਗਿਆ ਕਿਉਂਕਿ ਜਿਸ ਦਿਨ ਉਸਨੂੰ ਗੋਲੀ ਲੱਗੀ ਸੀ, ਉਹ ਉਸ ਤੋਂ ਇਕ ਦਿਨ ਬਾਅਦ ਦੀ ਤਾਰੀਖ਼ ਸੀ, ਮਤਲਬ ਜਿਸ ਦਿਨ ਉਹ ਹਸਪਤਾਲ 'ਚ ਬੇਹੋਸ਼ ਸੀ ਅਤੇ ਅਜਿਹੀ ਹਾਲਤ ਵਿਚ ਉਹ ਕੋਈ ਬਿਆਨ ਨਹੀਂ ਦੇ ਸਕਦਾ ਸੀ, ਅਤੇ ਸੱਚ ਤਾਂ ਇਹ ਸੀ ਕਿ ਹਸਪਤਾਲ 'ਚ ਜਿੰਨਾ ਸਮਾਂ ਉਹ ਰਿਹਾ, ਉਸ ਸਮੇਂ ਕੋਈ ਬਿਆਨ ਦੇ ਹੀ ਨਹੀਂ ਸਕਦਾ ਸੀ, ਕਿਉਂਕਿ ਉਸਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਕੋਈ ਉਸਨੂੰ ਮਿਲਿਆ ਹੀ ਨਹੀਂ ਸੀ- ਨਾ ਪੁਲਿਸ, ਨਾ ਮੀਡੀਆ, ਨਾ ਸ਼ੁਭਚਿੰਤਕ- ਇਸ ਲਈ ਉਸਨੇ ਜੋਰ ਨਾਲ ਆਪਣਾ ਸਿਰ ਹਿਲਾਇਆ ਅਤੇ ਹੱਥ ਜੋੜ ਕੇ ਕਿਹਾ 'ਨਾ ਨਾ ਨਾ' ਅਤੇ ਪੁਲਿਸਵਾਲੇ ਨੂੰ ਅਸਲੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸਵਾਲੇ ਨੇ 'ਸਾਹਿਤ' ਦੇ ਗੁਣਾਂ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਉਮਦਾ ਅਤੇ ਵਿਸ਼ਵ ਸਾਹਿਤ ਕਦੀ ਵੀ ਸੱਚ ਬਾਰੇ ਨਾ ਹੋ ਕੇ ਹਮੇਸ਼ਾ ਹੀ 'ਜਰੂਰੀ' ਦੇ 'ਸੰਭਾਵਨਾ' 'ਚ ਮਿਸ਼ਰਣ ਬਾਰੇ ਹੁੰਦਾ ਹੈ ਅਤੇ ਕਿਵੇਂ, ਅਸਲ 'ਚ ਸੰਭਾਵਨਾ ਦੀ ਕੋਈ ਅਹਿਮੀਅਤ ਨਹੀਂ, ਅਹਿਮੀਅਤ ਸਿਰਫ਼ 'ਜਰੂਰੀ' ਦੀ ਹੁੰਦੀ ਹੈ, ਉਹ ਹਮੇਸ਼ਾ ਹੀ ਪਹਿਲਾ ਮਕਸਦ ਰਿਹਾ ਹੈ ਅਤੇ ਰਹੇਗਾ ਅਤੇ ਸੰਭਾਵਨਾ ਨੂੰ ਉਸਦਾ ਹੁਕਮ ਮੰਨਣਾ ਪਵੇਗਾ, ਅਤੇ ਫਿਰ ਪੁਲਿਸਵਾਲੇ ਦਾ ਲਹਿਜਾ ਅਚਾਨਕ ਬਦਲ ਗਿਆ ਅਤੇ ਉਹ ਐਫਆਈਆਰ ਦੇ ਮੁੱਦੇ 'ਤੇ ਆ ਗਿਆ ਇਹ ਕਹਿੰਦੇ ਹੋਏ ਕਿ ਜੋ ਦਸਤਾਵੇਜ਼ ਉਸਨੂੰ ਅੱਜ ਮਿਲਿਆ ਹੈ ਉਹ ਅਸਲੀ ਦਾ ਦਸਤਾਵੇਜ਼ ਨਾ ਹੋ ਕੇ 'ਜਰੂਰੀ' ਦਾ ਹੈ ਅਤੇ ਜੋ ਕੁਝ ਸੰਭਵ ਸੀ ਉਹ ਉਸ ਵਿਚ ਜੋੜ ਦਿੱਤਾ ਗਿਆ ਹੈ ਉਸ ਜਰੂਰੀ ਨੂੰ ਪੁਖ਼ਤਾ ਕਰਨ ਲਈ ਅਤੇ ਇਸ ਲਈ ਕੁਲ ਮਿਲਾ ਕੇ ਉਸ ਆਦਮੀ ਨੂੰ ਆਖ਼ਰੀ ਸਲਾਹ ਇਹੀ ਹੋਵੇਗੀ ਕਿ ਉਹ ਜਰੂਰੀ ਨੂੰ ਸਵੀਕਾਰ ਕਰੇ, ਕਿ ਜੋ ਲਿਖਿਆ ਹੈ ਉਸੇ ਨੂੰ ਸੱਚ ਮੰਨ ਲਵੇ, ਕਿ ਉਹ ਬਾਕੀ ਸਾਰਾ ਕੁਝ ਭੁੱਲ ਜਾਵੇ, ਕਿਉਂਕਿ ਅਜਿਹਾ ਨਾ ਕਰਨ 'ਤੇ ਉਹ ਉਹ ਆਦਮੀ ਬਣ ਸਕਦਾ ਹੈ ਜਿਸ ਨੂੰ ਕਿਸੇ ਦਿਨ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਖੱਬੀ ਅੱਖ 'ਚ ਇਕ ਅਨਿਸ਼ਚਿਤ ਜਿਹੀ ਦੂਰੀ ਤੋਂ ਗੋਲੀ ਮਾਰੀ ਜਾ ਸਕਦੀ ਹੈ.

-੦੦੦-


ਪੰਜਾਬੀ ਅਨੁਵਾਦ- ਸਿਮਰਨ.

(ਹਿੰਦੀ ਵਿਚ ਕੀਤੇ ਭਾਰਤਭੂਸ਼ਣ ਤਿਵਾਰੀ ਵੱਲੋਂ ਕੀਤੇ ਅਨੁਵਾਦ ਅਧਾਰਿਤ)



Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼