ਵੀਰਾਂਗਨਾ ਉਦਾ ਦੇਵੀ
ਇਤਿਹਾਸ ਗਵਾਹ ਹੈ ਕਿ ਕਿਵੇਂ 1857 ਵਿਚ ਝਾਂਸੀ ਦੀ ਰਾਣੀ ਨੇ ਅੰਗਰੇਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਸੇ ਵਕਤ 'ਚ ਹੋਈ ਇਕ ਹੋਰ ਵਿਰਾਂਗਨਾ ਉਦਾ ਦੇਵੀ, ਜਿਸ ਨੇ ਉਸ ਸਮੇਂ ਦੇ ਅਵਧ ਰਾਜ ਵਿਚ ਅੰਗਰੇਜ਼ਾਂ ਖਿਲਾਫ਼ ਆਪਣੀ ਮੰਡਲੀ ਨਾਲ ਬਗ਼ਾਵਤ ਕੀਤੀ ਅਤੇ 16 ਨਵੰਬਰ 1857 ਨੂੰ ਹੋਈ ਸਿਕੰਦਰ ਬਾਗ ਦੀ ਲੜਾਈ ਵਿਚ ਆਪਣੀ ਮੌਤ ਤੋਂ ਪਹਿਲਾ ਲਗਭਗ 32 ਬਰਤਾਨਵੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਸਾਨੂੰ ਇਹ ਜਾਣਨ ਨੂੰ ਮਿਲਦਾ ਹੈ ਕਿ ਭਾਰਤ ਦੇ ਮਹਾਨ ਯੋਧਿਆਂ ਵਿਚ ਔਰਤਾਂ ਦੀ ਕੀ ਭੂਮਿਕਾ ਰਹੀ ਹੈ।
ਅਸੀਂ ਅੱਜ ਤੱਕ ਸਕੂਲੀ-ਪਾਠ ਪੁਸਤਕਾਂ ਵਿਚ ਹੋਰ ਮਹਾਨ ਯੋਧਿਆਂ ਬਾਰੇ ਪੜ੍ਹਦੇ ਆਏ ਹਾਂ, ਪਰ ਉਦਾ ਦੇਵੀ ਬਾਰੇ ਸਾਨੂੰ ਕਿਤੇ ਵੀ ਕੁਝ ਖ਼ਾਸ ਪੜ੍ਹਨ ਨੂੰ ਨਹੀਂ ਮਿਲਦਾ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਸਦਾ ਸੰਘਰਸ਼ ਵੀ ਹੋਰ ਬਹੁਤ ਸਾਰੇ ਅਣਗੋਲੇ ਨਾਇਕਾਂ ਵਾਂਗ ਹਾਸ਼ੀਆ 'ਤੇ ਰਹਿ ਗਿਆ ਹੋਵੇ।
ਉਦਾ ਦੇਵੀ ਦਾ ਜਨਮ ਉੱਤਰ ਪ੍ਰਦੇਸ਼ ਦੇ ਅਵਧ ਵਿਚ ਹੋਇਆ ਸੀ, ਛੋਟੀ ਉਮਰ ਤੋਂ ਹੀ ਉਹ ਬਰਤਾਨਵੀ ਸਰਕਾਰ ਖਿਲਾਫ਼ ਲੋਕਾਂ ਵਿਚ ਪਨਪਦੇ ਗੁੱਸੇ ਨੂੰ ਵੇਖਦਿਆਂ ਵੱਡੀ ਹੋਈ ਸੀ। ਉਹ ਪੀਲੀਭੀਤ ਦੇ ਪਾਸੀ ਤਬਕੇ ਨਾਲ ਸਬੰਧਿਤ ਸੀ, ਜੋ ਦਲਿਤ ਭਾਈਚਾਰੇ ਵਿਚ ਆਉਂਦੇ ਹਨ। ਉਹ ਬੇਗਮ ਹਜ਼ਰਤ ਮਹਿਲ ਕੋਲ ਅੰਗਰੇਜ਼ਾਂ ਖਿਲਾਫ਼ ਯੁੱਧ ਲੜ੍ਹਨ ਸਬੰਧੀ ਮਦਦ ਲੈਣ ਗਈ ਅਤੇ ਬੇਗਮ ਨੇ ਇਸ ਮਾਮਲੇ ਵਿਚ ਉਸਦੀ ਔਰਤਾਂ ਦੀ ਬਟਾਲੀਅਨ ਬਣਾਉਣ ਵਿਚ ਮਦਦ ਕੀਤੀ, ਜਿਸ ਦੀ ਉਸ ਨੇ ਖ਼ੁਦ ਅਗਵਾਈ ਕੀਤੀ।
ਉਦਾ ਦੇਵੀ ਦਾ ਪਤੀ ਮੱਕਾ ਪਾਸੀ ਨਵਾਬ ਵਾਜਿਦ ਅਲੀ ਸ਼ਾਹ ਦੀ ਫੌਜ਼ ਵਿਚ ਸਿਪਾਹੀ ਸੀ। ਜਦੋਂ ਅੰਗਰੇਜ਼ਾਂ ਨੇ ਅਵਧ 'ਤੇ ਹਮਲਾ ਕੀਤਾ ਤਾਂ ਉਦਾ ਦੇਵੀ ਨੇ ਆਪਣੇ ਪਤੀ ਨਾਲ ਇਸ ਲੜ੍ਹਾਈ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਹਮਲੇ ਵਿਚ ਨਵਾਬ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੀ ਪਹਿਲੀ ਪਤਨੀ ਬੇਗਮ ਹਜ਼ਰਤ ਮਹਿਲ ਨੇ 1857 ਵਿਚ ਅੰਗਰੇਜ਼ਾਂ (ਬ੍ਰਿਟਿਸ਼) ਵਿਰੁੱਧ ਬਗ਼ਾਵਤ ਦੀ ਅਗਵਾਈ ਕੀਤੀ। ਉਦਾ ਦੇਵੀ ਵੀ ਬੇਗਮ ਦੀ ਸੈਨਾ ਦਾ ਹਿੱਸਾ ਸੀ। ਬੇਗਮ ਹਜ਼ਰਤ ਮਹਿਲ ਦਾ ਵੀ ਇਤਿਹਾਸ ਦੇ ਪੰਨਿਆਂ 'ਤੇ ਬਹੁਤ ਘੱਟ ਜ਼ਿਕਰ ਮਿਲਦਾ ਹੈ।
ਲਖਨਊ ਜਾਨੀ ਕਿ ਉਸ ਸਮੇਂ ਦੇ ਅਵਧ ਦੀਆਂ ਭਿਆਨਕ ਲੜ੍ਹਾਈਆਂ ਵਿਚੋਂ ਇਕ ਨਵੰਬਰ 1857 ਵਿਚ ਸਿਕੰਦਰ ਬਾਗ ਦੀ ਲੜ੍ਹਾਈ ਸੀ। ਬਰਤਾਨਵੀ ਸੈਨਾ ਨੇ ਜਦੋਂ ਕੋਲਿਨ ਕੈਂਪਬੈਲ ਦੀ ਅਗਵਾਈ ਵਿਚ ਲਖਨਊ ਦੇ ਸਿਕੰਦਰਬਾਗ ਉੱਤੇ ਹਮਲਾ ਕੀਤਾ ਤਾਂ ਉਨ੍ਹਾਂ ਦਾ ਸਾਹਮਣਾ ਹਜ਼ਾਰਾਂ ਦੀ ਗਿਣਤੀ ਵਿਚ ਦਲਿਤ ਔਰਤਾਂ ਦੀ ਬਟਾਲੀਅਨ ਨਾਲ ਹੋਇਆ, ਜਿਨ੍ਹਾਂ ਵਿਚ ਅਫ਼ਰੀਕੀ ਔਰਤਾਂ ਵੀ ਸ਼ਾਮਿਲ ਸਨ, ਜੋ ਨਵਾਬਾਂ ਦੇ ਹਰਮ ਵਿਚ ਉਸ ਸਮੇਂ ਕੰਮ ਕਰਦੀਆਂ ਸਨ। ਨਤੀਜੇ ਵਜੋਂ ਅੰਗਰੇਜ਼ਾਂ ਅਤੇ ਉਸ ਬਟਾਲੀਅਨ ਦਰਮਿਆਨ ਭਿਆਨਕ ਲੜ੍ਹਾਈ ਹੋਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਔਰਤਾਂ ਸ਼ਹੀਦ ਹੋਈਆਂ। ਇਸੇ ਲੜ੍ਹਾਈ ਦੌਰਾਨ ਉਦਾ ਦੇਵੀ ਨੂੰ ਉਸਦੇ ਪਤੀ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਧੀ।
ਇਸ ਮਹਾਨ ਦਿਨ ਨਾਲ ਸਬੰਧਿਤ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਲਿਖੀਆਂ, ਜਿਨ੍ਹਾਂ ਵਿਚੋਂ ਇਕ ਇਸ ਤਰ੍ਹਾਂ ਹੈ-
"ਕੋਈ ਉਨਕੋ ਹਬਸ਼ੀ ਕਹਿਤਾ, ਕੋਈ ਕਹਿਤਾ ਨੀਚ ਅਛੂਤ
ਅਬਲਾ ਕੋਈ ਉਨਹੇਂ ਬਤਲਾਏ, ਕੋਈ ਕਹੇ ਉਨਹੇਂ ਮਜ਼ਬੂਤ।"
ਪ੍ਰਚਲਿੱਤ ਧਾਰਣਾ ਅਨੁਸਾਰ ਲੜ੍ਹਾਈ ਦੌਰਾਨ ਅੰਗਰੇਜ਼ਾਂ ਨੂੰ ਕਿਸੇ ਦਰੱਖਤ ਉੱਪਰੋਂ ਗੋਲੀ ਚੱਲਣ ਦੀ ਆਵਾਜ਼ ਸੁਣੀ, ਉਨ੍ਹਾਂ ਨੇ ਮਹਿਸੂਸ ਕੀਤਾ ਕੋਈ ਨਿਸ਼ਾਨੇਬਾਜ਼ ਦਰੱਖਤ ਤੋਂ ਲੁੱਕ ਕੇ ਗੋਲੀ ਚਲਾ ਰਿਹਾ ਹੈ ਤਾਂ ਉਹ ਉਸ ਰੁੱਖ ਨੂੰ ਹੇਠਾਂ ਸੁੱਟਣ ਵਿਚ ਕਾਮਯਾਬ ਹੋਏ ਤੇ ਉਸ ਗੋਲੀ ਚਲਾਉਣ ਵਾਲੇ ਨਿਸ਼ਾਨੇਬਾਜ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਨਿਰੀਖਣ ਕੀਤਾ ਤਾਂ ਉਹ ਨਿਸ਼ਾਨੇਬਾਜ਼ ਇਕ ਔਰਤ ਸੀ, ਜਿਸਦੀ ਪਹਿਚਾਣ ਉਸ ਸਮੇਂ ਪਾਸੀ ਤਬਕੇ ਦੀ ਉਦਾ ਦੇਵੀ ਵਜੋਂ ਕੀਤੀ ਗਈ। ਉਸ ਦੀ ਬਹਾਦਰੀ ਨੂੰ ਸਮਰਪਿਤ ਇਕ ਮੂਰਤੀ ਅੱਜ ਲਖਨਊ ਦੇ ਸਿਕੰਦਰ ਬਾਗ ਦੇ ਬਾਹਰ ਚੌਂਕ ਦੀ ਸੋਭਾ ਵਧਾ ਰਹੀ ਹੈ।
ਵਿਲੀਅਮ ਫੋਰਬਸ-ਮਿਸ਼ੇਲ, Reminiscences of the Great Mutiny ਵਿਚ, ਉਦਾ ਦੇਵੀ ਨੂੰ ਯਾਦ ਕਰਦਿਆਂ ਲਿਖਦੀ ਹੈ ਕਿ: “ਉਹ ਭਾਰੀ ਕੈਵੈਲਰੀ ਪਿਸਤੌਲ ਦੀ ਇਕ ਜੋੜੀ ਨਾਲ ਲੈਸ ਸੀ, ਜਿਸ ਵਿਚੋਂ ਇਕ ਅਜੇ ਵੀ ਉਸ ਦੀ ਪੇਟੀ ਵਿਚ ਲੱਗੀ ਹੋਈ ਸੀ ਅਤੇ ਉਸ ਦਾ ਥੈਲਾ ਅਜੇ ਵੀ ਗੋਲਾ-ਬਾਰੂਦ ਦਾ ਤਕਰੀਬਨ ਅੱਧਾ ਭਰਿਆ ਹੋਇਆ ਸੀ, ਜਦੋਂ ਕਿ ਉਸ ਦੇ ਰੁੱਖ ਤੇ ਬਣਾਏ ਬਸੇਰੇ ਤੋਂ, ਜੋ ਕਿ ਹਮਲੇ ਤੋਂ ਪਹਿਲਾਂ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਸੀ, ਉਸਨੇ ਅੱਧੀ ਦਰਜਨ ਤੋਂ ਵੱਧ ਬੰਦਿਆਂ ਨੂੰ ਮਾਰ ਦਿੱਤਾ ਸੀ।"
ਰਾਵਤ (1977) ਉਸ ਬਾਰੇ ਲਿਖਦੇ ਹਨ:-
ਦੇਸ ਕੀ ਖ਼ਾਤਿਰ ਉਦਾ ਦੇਵੀ ਲੜੀ ਥੀ ਲੜਾਈ
ਸੈਂਕੜੋਂ ਅੰਗਰੇਜ਼ੋਂ ਉਦਾ ਦਿਨ ਗਿਰਾਈ
ਸੀਨੇ ਪੇ ਗੋਲੀ ਖਾਈ, ਨਹੀਂ ਹਾਰ ਮਾਨੀ
ਰਹੀ ਦੂਧ ਕਾ ਦੂਧ , ਪਾਨੀ ਕਾ ਪਾਨੀ।
1971 ਦੀ ਜਨਗਣਨਾ ਰਿਕਾਰਡ ਵਿਚ ਪਾਸੀ ਉੱਤਰਦਾਤਾਵਾਂ ਅਨੁਸਾਰ ਇਕ ਪਾਸੀ ਪਲਟਨ ਨੇ ਬੇਗਮ ਹਜ਼ਰਤ ਮਹਿਲ ਨੂੰ 1857 ਵਿਚ ਬਰਤਾਨਵੀ ਸੈਨਿਕਾਂ ਹੱਥੋਂ ਗ੍ਰਿਫ਼ਤਾਰ ਹੋਣੋਂ ਬਚਾਇਆ ਸੀ। 1980 ਤੋਂ ਉਦਾ ਦੇਵੀ ਦੀ ਬੇਗਮ ਹਜ਼ਰਤ ਮਹਿਲ ਵਾਲੀ ਕਹਾਣੀ ਜਗ-ਜਾਹਿਰ ਹੋਣੀ ਸ਼ੁਰੂ ਹੋ ਗਈ ਅਤੇ 1990 ਤੋਂ ਬਾਅਦ ਵੀਰਾਂਗਨਾ ਉਦਾ ਦੇਵੀ ਸਮਾਰਕ ਸੰਸਥਾਨ ਦੇ ਗਠਨ ਨਾਲ ਇਸ ਕਹਾਣੀ ਨੇ ਆਪਣੇ ਸੰਚਾਰ ਅਤੇ ਜਸ਼ਨ ਲਈ ਸੰਸਥਾਈ ਸਹਿਯੋਗ ਹਾਸਿਲ ਕੀਤਾ। ਇਹ ਕਹਾਣੀ ਉਤਰ ਪ੍ਰਦੇਸ਼ ਦੇ ਕੇਂਦਰੀ ਖੇਤਰ ਲਖਨਊ ਦਾ ਬਿਆਨ ਹੈ, ਜੋ ਹਜੇ ਵੀ ਜਨਸੰਖਿਅਕ ਤੌਰ 'ਤੇ ਪਾਸੀ ਪ੍ਰਮੁੱਖ ਖੇਤਰ ਹੈ। ਇਨ੍ਹਾਂ ਵਾਰਤਾਵਾਂ ਸਦਕਾ ਉਦਾ ਦੇਵੀ ਦੀ ਇਕ ਪ੍ਰਤਿਮਾ ਉਭਰ ਕੇ ਸਾਹਮਣੇ ਆਈ। ਜਦੋਂ ਤੋਂ ਉਸ ਨੂੰ ਮੁਸਲਿਮ ਔਰਤ ਬੇਗਮ ਹਜ਼ਰਤ ਮਹਿਲ ਨਾਲ ਜੋੜ ਕੇ ਵੇਖਿਆ ਗਿਆ, ਉਸ ਦੀ ਇਕ ਛਵੀ ਬਣਾ ਲਈ ਗਈ ਹੈ ਕਿ ਉਹ ਇਕ ਲੰਮਾ ਘੱਗਰਾ ਪਹਿਨਦੀ ਸੀ ਅਤੇ ਸਿਰ 'ਤੇ ਇਕ ਕੱਪੜਾ ਬੰਨ ਕੇ ਰੱਖਦੀ ਸੀ ਅਤੇ ਉਸਦੇ ਹੱਥਾਂ 'ਚ ਇਕ ਪਿਸਤੌਲ ਹੁੰਦੀ ਸੀ। ਇਸੇ ਛਵੀ ਤੋਂ ਪ੍ਰੇਰਿਤ ਹੋ ਕੇ ਉਸ ਦਾ ਇਕ ਬੁੱਤ ਤਿਆਰ ਕੀਤਾ ਗਿਆ ਹੈ, ਜਿਸ ਨੇ ਅੱਧੀਆਂ ਬਾਹਾਂ ਦਾ ਬਲਾਊਜ ਪਹਿਨਿਆ ਹੋਇਆ ਹੈ, ਜੋ ਆਮ ਤੌਰ 'ਤੇ ਔਸਤਨ ਹਰ ਪਾਸੀ ਔਰਤ ਪਹਿਨਦੀ ਹੈ।
1990 ਤੋਂ ਬਾਅਦ ਯੂਪੀ ਸਰਕਾਰ ਲਖਨਊ ਨੇ 1857 ਦੇ ਵਿਦਰੋਹ ਨੂੰ ਯਾਦ ਰੱਖਣ ਲਈ ਪਹਿਲ ਕੀਤੀ ਅਤੇ ਇਕ ਸਵਤੰਤਰਤਾ ਸੰਗਰਾਮ ਸਮਾਰਕ ਸਮਿਤੀ ਨਾਮੀ ਕਮੇਟੀ ਬਣਾਈ। ਲਖਨਊ ਦੇ ਮੇਅਰ ਨੂੰ ਇਸ ਦਾ ਮੁਖੀ ਚੁਣਿਆ ਗਿਆ। ਇਸ ਸਮਾਰਕ ਸਮਿਤੀ ਦੀ ਦੇਖ-ਰੇਖ ਵਿਚ ਸਿਕੰਦਰਬਾਗ ਵਿਚ 1857 ਦੀ ਇਕ ਅਗਿਆਤ ਵੀਰਾਂਗਨਾ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਲਗਭਗ 1995 'ਚ ਪਾਸੀ ਜਾਤ ਦੇ ਪ੍ਰਮੁੱਖ ਮੈਂਬਰਾਂ, ਰਾਜਨੀਤਕ ਨੇਤਾ ਅਤੇ ਹੋਰ ਜਾਣੀ-ਮਾਨੀ ਸਖਸ਼ੀਅਤਾਂ ਨੇ ਮਿਲ ਕੇ ਇਕ ਕਮੇਟੀ ਬਣਾਈ, ਜਿਸ ਦਾ ਨਾਮ ਵੀਰਾਂਗਨਾ ਉਦਾ ਦੇਵੀ ਸਮਾਰਕ ਸਮਿਤੀ ਰੱਖਿਆ ਗਿਆ। ਉਸੇ ਬੁੱਤ ਦਾ ਇਸ ਵਾਰ ਫਿਰ ਰਾਮ ਵਿਲਾਸ ਪਾਸਵਾਨ ਦੁਆਰਾ ਉਦਘਾਟਨ ਕੀਤਾ ਗਿਆ, ਫ਼ਰਕ ਸਿਰਫ਼ ਇੰਨਾ ਕੁ ਸੀ ਕਿ ਇਸ ਵਾਰ ਉਸ ਅਗਿਆਤ ਬੁੱਤ 'ਤੇ 'ਉਦਾ ਦੇਵੀ ਪਾਸੀ' ਨਾਮ ਲਿਖ ਦਿੱਤਾ ਗਿਆ। ਤੀਜੀ ਵਾਰ ਇਸ ਬੁੱਤ ਦਾ ਉਦਘਾਟਨ ਯੂਪੀ ਦੇ ਮੁੱਖ ਮੰਤਰੀ ਕਲਿਆਣ ਸਿੰਘ ਦੁਆਰਾ ਕੀਤਾ ਗਿਆ, ਜਿਸ ਨਾਲ ਉਦਾ ਦੇਵੀ ਨੂੰ ਇਕ ਨਵੀਂ ਪਹਿਚਾਣ ਮਿਲੀ। ਹੁਣ ਹਰ ਸਾਲ 16 ਨਵੰਬਰ ਨੂੰ ਉਦਾ ਦੇਵੀ ਸ਼ਹੀਦੀ ਦਿਵਸ ਵਜੋਂ ਰਾਖਵਾਂ ਕਰ ਦਿੱਤਾ ਗਿਆ ਹੈ।
ਇਸ ਮਹਾਨ ਵਿਦਰੋਹ ਦੀ ਇਕ ਵਿਸ਼ੇਸਤਾ ਇਹ ਵੀ ਸੀ, ਕਿ ਇਸ ਵਿਚ ਨਾ ਸਿਰਫ਼ ਸ਼ਾਹੀ ਅਤੇ ਕੁਲੀਨ ਵਰਗ ਦੇ ਪਿਛੋਕੜ ਦੀਆਂ ਔਰਤਾਂ ਦਾ ਯੋਗਦਾਨ ਸੀ, ਬਲਕਿ ਦਲਿਤ ਵਰਗ ਦੀਆਂ ਔਰਤਾਂ ਦੀ ਵੀ ਪੂਰੀ ਭਾਗੀਦਾਰੀ ਸੀ। ਇਕ ਹੋਰ ਦਲਿਤ ਵਿਰਾਂਗਨਾ ਮੁਜੱਫ਼ਰਨਗਰ ਜ਼ਿਲ੍ਹੇ ਦੇ ਮੁੰਦਭਰ ਪਿੰਡ ਦੀ ਮਹਾਬੀਰ ਦੇਵੀ ਸੀ। ਮਹਾਬੀਰ ਦੇਵੀ ਨੇ 22 ਔਰਤਾਂ ਦਾ ਇਕ ਸਮੂਹ ਬਣਾਇਆ ਸੀ, ਜਿਸ ਨੇ 1857 ਵਿਚ ਇਕਠਿਆ ਕਈ ਬਰਤਾਨਵੀ ਸੈਨਿਕਾਂ 'ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ। ਇਨ੍ਹਾਂ ਸਾਰੀਆਂ ਔਰਤਾਂ ਨੂੰ ਫੜ੍ਹ ਲਿਆ ਗਿਆ ਸੀ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਉਦਾ ਦੇਵੀ ਬਾਰੇ ਲਿਖਤੀ ਸਰੋਤ ਘੱਟ ਮਿਲਦੇ ਹਨ, ਪਰ ਪਾਸੀ ਤਬਕੇ ਦੇ ਲੋਕਾਂ ਮੂੰਹੋਂ ਅੱਜ ਵੀ ਉਸ ਵਿਰਾਂਗਨਾ ਦੀ ਬਹਾਦਰੀ ਦੇ ਕਿੱਸਿਆ ਨੂੰ ਸੁਣਿਆ ਜਾ ਸਕਦਾ ਹੈ। ਲਖਨਊ ਵਿਚ ਅੱਜ ਵੀ 16 ਨਵੰਬਰ ਨੂੰ ਉਸਦੇ ਸਨਮਾਨ 'ਚ ਯਾਦਗਾਰੀ ਸਮਾਰੋਹ ਮਨਾਇਆ ਜਾਂਦਾ ਹੈ। ਬੇਸ਼ੱਕ ਉਦਾ ਦੇਵੀ ਨੂੰ ਸ਼ਹੀਦ ਹੋਇਆ 150 ਸਾਲ ਤੋਂ ਵੱਧ ਸਮਾਂ ਹੋ ਗਿਆ, ਪਰ ਉਸਦੀ ਬਹਾਦਰੀ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
Comments
Post a Comment