ਇਕੱਲੇ ਹੋਣਾ..
ਇਕੱਲੇ ਹੋਣ ਤੋਂ ਮੈਨੂੰ ਹਮੇਸ਼ਾ ਡਰ ਲੱਗਿਆ, ਪਰ ਫਿਰ ਵੀ ਮੈਂ ਜ਼ਿਆਦਾਤਰ ਇਕੱਲੀ ਹੀ ਰਹੀ ਹਾਂ, ਘਰ 'ਚ ਇਕੱਲੀ, ਬਾਹਰ ਵੀ ਇਕੱਲੀ- ਇਕੱਲਿਆਂ ਰਹਿ ਕੇ ਵੀ ਇਕੱਲੇ ਹੋਣ ਦਾ ਡਰ, ਭਿਆਨਕ ਜ਼ਰੂਰ ਹੁੰਦਾ, ਪਰ ਜ਼ਿੰਦਗੀ ਦੀ ਖੂਬਸੂਰਤੀ ਅੱਗੇ ਮਾਇਨਸ, ਕੁਝ ਵੀ ਨਹੀਂ!! ਮੈਂ ਇਸ ਡਰ ਤੋਂ ਕਦੀ ਭੱਜੀ ਨਹੀਂ...। ਸ਼ਾਇਦ ਇਸ ਤੋਂ ਭੱਜਣਾ, ਆਪਣੇ-ਆਪ 'ਚ ਇਕ ਡਰ ਹੈ। ਤੁਸੀਂ ਡਰਪੋਕ ਕਹਿ ਸਕਦੇ ਓ। ਗੱਲ ਸਾਂਝੀ ਕਰਨ ਦਾ ਡਰ ਵੱਖਰਾ!!
ਮੈਂ ਤੇ ਮੇਰਾ ਦੋਸਤ ਦੋਵੇਂ ਆਪਣੇ-ਆਪਣੇ ਘਰ ਤੋਂ ਦੂਰ ਰਹਿੰਦੇ ਹਾਂ.... ਉਹ ਮੁਹਾਲੀ ਅਤੇ ਮੈਂ ਦਿੱਲੀ। ਅਸੀਂ ਘਰ ਤੋਂ ਵੀ ਅਤੇ ਇਕ-ਦੂਜੇ ਤੋਂ ਵੀ ਕਾਫੀ ਦੂਰ ਹਾਂ। ਅੱਜ ਉਹ ਘਰ ਜਾ ਰਿਹਾ ਹੈ, ਮੈਨੂੰ ਲੱਗਿਆ, ਮੈਂ ਆਪਣੇ ਰੂਮ 'ਚ ਇਕੱਲੀ ਰਹਿ ਗਈ ਹਾਂ, ਮੈਨੂੰ ਵੀ ਘਰ ਜਾਣਾ ਚਾਹੀਂਦਾ...। ਸਾਹਮਣੇ ਕਮਰੇ ਵਾਲੀਆਂ ਕੁੜੀਆਂ ਵੈਸੇ ਘਰ ਘੱਟ ਜਾਂਦੀਆਂ, ਪਰ ਜਦੋਂ ਜਾਂਦੀਆਂ ਮੇਰਾ ਦਿਲ ਕਰਦਾ ਹੁੰਦਾ ਕਿ ਉਨ੍ਹਾਂ ਨੂੰ ਪੁੱਛਾਂ -ਕਦੋਂ ਤੱਕ ਵਾਪਿਸ ਆ ਜਾਣਾ ਉਨ੍ਹਾਂ ਨੇ!! ਮੇਰਾ ਉਨ੍ਹਾਂ ਨਾਲ ਭਾਵੇਂ ਕੋਈ ਵਾਸਤਾ ਨਹੀਂ।
ਸ਼ਾਮ ਨੂੰ ਇਧਰ ਬਲੋਕ 'ਚ ਜਵਾਕ ਖੇਡਦੇ ਹੋਏ ਬਹੁਤ ਰੌਲਾ ਪਾਉਂਦੇ ਨੇ, ਸਿਰ ਦੁੱਖਣ ਲੱਗ ਜਾਂਦੇ.. ਪਰ ਜਿਸ ਦਿਨ ਉਹ ਉਥੇ ਨਾ ਖੇਡਣ ਤਾਂ ਮਨ 'ਚ ਕਾਹਲ ਜਿਹੀ ਹੁੰਦੀ ਹੈ।
ਅਕਸਰ ਰਾਤ ਨੂੰ ਲਗਭਗ ਸਵੇਰੇ ਹੀ ਕੁੱਤੇ ਬਹੁਤ ਭੌਂਕਦੇ ਨੇ, ਹਰ ਕੋਈ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ.. ਪਰ ਕਈ ਵਾਰ ਉਹ ਕਿਧਰੇ ਚਲੇ ਜਾਂਦੇ ਨੇ, ਜਾਂ ਕਿਸੇ ਹੋਰ ਬਲੋਕ ਵੱਲ, ਉਸ ਦਿਨ ਲੱਗਦਾ ਹੁੰਦਾ ਕਿ ਖਿੜਕੀ ਤੋਂ ਬਾਹਰ ਨਿਕਲ, ਪੁੱਛ ਕੇ ਆਵਾਂ- ਏਨੀ ਚੁੱਪ ਕਿਉਂ ਹੈ??
Comments
Post a Comment