ਕੁਦਰਤ
ਦਿਨ ਬ ਦਿਨ ਕੁਦਰਤ ਹੋਰ ਸੋਹਣੀ ਹੁੰਦੀ ਜਾ ਰਹੀ ਹੈ, ਹੋਰ ਮਾਹਿਰ ਕਲਾਕਾਰ....
ਇਕ ਵਕਤ ਸੀ ਜਦੋਂ ਮੈਨੂੰ ਲੱਗਦਾ ਸੀ.. ਮੈਂ ਕੁਦਰਤ ਦੀ ਸਭ ਤੋਂ ਸੋਹਣੀ ਕਲਾਕ੍ਰਿਤ ਦਾ ਹਿੱਸਾ ਹਾਂ, ਇਕ ਛੋਟਾ ਜਿਹਾ ਹਿੱਸਾ.. ਜਿਵੇਂ ਅਸੀਂ ਕਿਸੇ ਚਿੱਤਰਕਾਰੀ ਵਿਚ ਬਣੇ ਮਹੀਨ ਫੁੱਲਾਂ ਨੂੰ ਟੇਕ ਨਾਲ ਦੇਖਦੇ ਹਾਂ, ਬਾਰੀਕੀ ਨਾਲ...ਕੁਝ ਹੋਰ ਅਤੇ ਹੋਰ ਲੱਭਦਿਆਂ...ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਦੇਖਦੀ ...ਬਾਰੀਕੀ ਨਾਲ...ਹੋਰ ਕੁਝ ਹੋਰ ਦੀ ਭਾਲ 'ਚ!! ਆਪਣੇ ਦੇਖਣ ਦੇ ਨਜ਼ਰੀਏ 'ਚ ਰੰਗ ਭਰਦੀ, ਸਵਾਰਦੀ ਹੋਈ...
ਇਕ ਹੁਣ ਵਕਤ ਹੈ, ਜਦੋਂ ਮੈਨੂੰ ਲੱਗਦਾ ਮੈਂ ਕੁਦਰਤ ਦੀ ਉਸ ਕਲਾਕ੍ਰਿਤ ਦਾ ਹਿੱਸਾ ਨਹੀਂ, ਜਿਸ ਨੂੰ ਉਸਨੇ ਬਹੁਤ ਪਹਿਲਾਂ ਬਣਾ ਕੇ ਕਾਇਨਾਤ ਦੇ ਪਸਾਰੇ 'ਚ ਲਟਕਾ ਦਿੱਤਾ ਹੈ.. ਬਿਲਕੁਲ ਵੀ ਨਹੀਂ। ਮੈਂ ਤਾਂ ਉਹ ਹਾਂ, ਜੋ ਹਰ ਵਕਤ, ਹਰ ਛਿਣ ਸਿਰਜਣਾ 'ਚ ਹਾਂ, ਜਿਸ ਨੂੰ ਕੁਦਰਤ ਘੜ੍ਹ ਰਹੀ ਹੈ... ਰੰਗ-ਬਿਰੰਗੀਆਂ ਲਕੀਰਾਂ ਨਾਲ ਸਜਾ ਰਹੀ ਹੈ, ਉਮਰ ਦੀਆਂ ਲਕੀਰਾਂ ਨਾਲ... ਚਿੱਤਰਕਾਰ ਵਾਂਗ.. ਗ਼ਲਤ ਹੋਣ 'ਤੇ ਮੁੜ ਉਸਾਰਦੀ ਹੋਈ... ਨਿੱਕੇ ਜਿਹੇ ਦਿਲ ਨੂੰ ਕਲਾਕਾਰੀਆਂ, ਹਾਦਸਿਆਂ, ਅਚੰਬਿਆਂ, ਕਹਾਣੀਆਂ ਨਾਲ ਘੜ੍ਹਦੀ ਹੋਈ.. ਅੱਖਾਂ 'ਚ ਬਸ ਉਮੀਦ ਭਰਦੀ ਹੋਈ, ਹਰ ਵਕਤ ਕੁਝ ਚੰਗਾ ਵਾਪਰਨ ਦੀ, ਹਨ੍ਹੇਰਿਆਂ 'ਚ ਮਹੀਨ ਸੁਲਗਦੀ ਚਿਣਗ ਨੂੰ ਦੇਖਣ ਦੀ, ਆਪਣੀਆਂ ਗ਼ਲਤੀਆਂ ਨੂੰ ਸਵੀਕਾਰਨ ਦੀ, ਬੇਆਵਾਜ਼ ਸੁੰਨੇ ਖਲਾਅ 'ਚ ਖ਼ੁਦ ਆਵਾਜ਼ ਘੜ੍ਹਨ ਦੀ ਉਮੀਦ... ਸੱਚ ਨੂੰ ਦੇਖਣ ਦੀ ਉਮੀਦ!!
ਸ਼ਾਇਦ ਨਾ-ਉਮੀਦੀ ਉਸਨੂੰ ਭਾਉਂਦੀ ਨਹੀਂ। ਤਾਂ ਹੀ ਤਾਂ ਉਹ ਇਸ ਤੋਂ ਚਿੜ ਜਾਂਦੀ ਹੈ... ਜਦੋਂ ਅਸੀਂ ਜ਼ਬਰਨ ਨਾ-ਉਮੀਦੀ ਦੀ ਬੁੱਕਲ ਮਾਰਨ ਦੀ ਕੋਸ਼ਿਸ਼ ਕਰਦੇ ਹਾਂ...
Comments
Post a Comment