ਸਮੁੰਦਰੀ ਖਾਨਾਬਦੋਸ਼: ਬਜਾਉ ਕਬੀਲਾ
ਬਜਾਉ ਕਬੀਲਾ ਪਰੰਪਰਿਕ ਖਾਨਾਬਦੋਸ਼ ਅਤੇ ਸਮੁੰਦਰੀ ਯਾਤਰੀਆਂ ਦਾ ਕਬੀਲਾ ਹੈ, ਜੋ ਲਗਭਗ 1000 ਸਾਲਾਂ ਤੋਂ ਇੰਡੋਨੇਸ਼ੀਆ, ਫਿਲੀਪੀਨ ਅਤੇ ਮਲੇਸ਼ੀਆ ਦੇ ਤੱਟਾਂ 'ਤੇ ਸ਼ੈਲਫਿਸ਼ ਇਕੱਠਾ ਕਰਦਿਆਂ ਵੱਸਦਾ ਆ ਰਿਹਾ ਹੈ। ਇਹ ਕਬੀਲਾ ਸਮੁੰਦਰੀ ਖਾਨਾਬਦੋਸ਼ ਜਾਂ ਸਮੁੰਦਰੀ ਜਿਪਸੀ ਵਜੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਸਮੁੰਦਰੀ ਖਾਨਾਬਦੋਸ਼ਾਂ ਦੇ ਤਿੰਨ ਵੱਖੋ-ਵੱਖਰੇ ਸਮੂਹ ਹਨ- ਓਰੰਗ ਲੌਟ ਕਬੀਲਾ, ਬਜਾਉ ਕਬੀਲਾ ਅਤੇ ਮੋਕਨ ਕਬੀਲਾ। ਇਨ੍ਹਾਂ ਸਮੂਹਾਂ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਜਿਪਸੀਆਂ ਦਾ ਸਮੂਹ 'ਬਜਾਉ' ਹੈ। ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਉ ਲੋਕ ਹਨ, ਵਿਕੀਪੀਡੀਆ ਅਨੁਸਾਰ ਇਹ ਗਿਣਤੀ ਇਸ ਤਰ੍ਹਾਂ ਹੈ- ਫਿਲੀਪੀਨ 470,000, ਮਲੇਸ਼ੀਆ 436,672, ਇੰਡੋਨੇਸ਼ੀਆ 345,000 ਅਤੇ ਬਰੁਨੇਈ 12,000 ਦੇ ਕਰੀਬ ਹਨ, ਪਰ ਪੂਰੀ ਤਰ੍ਹਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਬਜਾਉ ਲੋਕਾਂ ਕੋਲ ਪਹਿਚਾਣ ਪੱਤਰ ਜਾਂ ਇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਹੁੰਦੇ। ਉਹ ਕਿਸ਼ਤੀਆਂ 'ਚ ਤੱਟਾਂ 'ਤੇ ਘੁੰਮਦੇ ਰਹਿੰਦੇ ਹਨ ਅਤੇ ਨਵੇਂ ਪਿੰਡ ਵਸਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਪਿੰਡ ਬਹੁਤ ਖ਼ਾਸ ਹੁੰਦੇ ਹਨ, ਕਿਉਂਕਿ ਉਹ ਸਮੁੰਦਰ ਦੀ ਸਤਹ ‘ਤੇ ਬਣਾਏ ਗਏ ਹੁੰਦੇ ਹਨ।
ਸਾਡੇ ਵਾਂਗ ਪਰਿਵਾਰ ਦੀ ਦੇਖਭਾਲ ਕਰਨਾ ਬਜਾਉ ਕਬੀਲੇ 'ਚ ਵੀ ਸਭ ਤੋਂ ਵੱਧ ਜ਼ਰੂਰੀ ਸਮਝਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਨੂੰ ਅੱਠ ਸਾਲ ਦੀ ਉਮਰ ਤੋਂ ਹੀ ਤੈਰਨਾ, ਡੂੰਘੀ ਡੁਬਕੀ ਲਾਉਣਾ ਅਤੇ ਮੱਛੀ ਫੜ੍ਹਨਾ ਸਿਖਾ ਦਿੰਦੇ ਹਨ ਤਾਂ ਕਿ ਉਹ ਸਮੁੰਦਰ ਵਿਚ ਗਹਿਰਾਈ ਤੱਕ ਸ਼ਿਕਾਰ ਕਰਨ ਦੇ ਯੋਗ ਬਣ ਸਕਣ।
ਬਜਾਉ ਕਬੀਲੇ ਦੇ ਲੋਕਾਂ ਨੂੰ ਬੇਸ਼ੱਕ ਪੜ੍ਹਨਾ-ਲਿਖਣਾ ਨਹੀਂ ਆਉਂਦਾ ਅਤੇ ਨਾ ਹੀ ਇਹ ਇਸਨੂੰ ਪਹਿਲ ਦਿੰਦੇ ਹਨ, ਪਰ ਇਨ੍ਹਾਂ ਲਈ 'ਸਿੱਖਣਾ' ਤੇ ‘ਸਿੱਖਦੇ ਰਹਿਣਾ’ ਬਹੁਤ ਮਾਇਨੇ ਰੱਖਦਾ ਹੈ, ਇਹ ਪੀੜ੍ਹੀ ਦਰ ਪੀੜ੍ਹੀ ਆਪਣੇ ਪੂਰਵਜਾਂ ਤੋਂ, ਸਮੁੰਦਰ ਤੋਂ, ਸਮੁੰਦਰੀ ਜੀਵਾਂ ਅਤੇ ਸਮੁੰਦਰੀ ਸਰੋਤਾਂ ਤੋਂ ਪ੍ਰੇਰਿਤ ਹੁੰਦੇ ਰਹਿੰਦੇ ਹਨ। ਇਹ ਕਬੀਲਾ ਸਮੁੰਦਰ ਤੋਂ ਸਿਰਫ਼ ਸਿੱਖਦਾ ਹੀ ਨਹੀਂ, ਬਲਕਿ ਸਮੁੰਦਰ ਉੱਤੇ ਰਹਿ ਕੇ ਸਿੱਖਦਾ ਹੈ। ਇਹੀ ਸਿੱਖਿਆ ਇਨ੍ਹਾਂ ਲਈ ਮੁੱਢਲੀ ਤੇ ਅੰਤਿਮ ਹੈ, ਇਹ ਸਮੁੰਦਰ ਵਿਚ ਰਹਿ ਕੇ ‘ਜਿਉਂਦੇ ਰਹਿਣਾ’ ਅਤੇ ‘ਆਪਣੇ ਪਰਿਵਾਰ ਦੀ ਦੇਖਭਾਲ ਕਰਨਾ’ ਸਿੱਖਦੇ ਹਨ।
ਇਸ ਕਬੀਲੇ ਦੇ ਲੋਕ ਸਮੁੰਦਰੀ ਸਤਹ 'ਤੇ ਕੈਬਿਨ ਬਣਾ ਕੇ ਰਹਿੰਦੇ ਹਨ, ਜੋ ਹਲਕੀ ਲੱਕੜ ਦੇ ਪਿੱਲਰਾਂ 'ਤੇ ਜਾਂ ਕਿਸ਼ਤੀਆਂ 'ਤੇ ਬਣੇ ਹੁੰਦੇ ਹਨ, ਪਰ ਇਹ ਹਮੇਸ਼ਾ ਨਰਮ ਜ਼ਮੀਨ 'ਤੇ ਹੁੰਦੇ ਹਨ, ਜੋ ਉਨ੍ਹਾਂ ਦੇ ਪੈਰਾਂ ਹੇਠ ਹੁੰਦੀ ਹੈ।
ਇਨ੍ਹਾਂ ਸਮੁੰਦਰੀ ਖਾਨਾਬਦੋਸ਼ਾਂ ਦੀ ਇਕ ਕਮਾਲ ਦੀ ਖੂਬੀ ਹੈ, ਕਿ ਇਹ ਆਮ ਲੋਕਾਂ ਤੋਂ ਜ਼ਿਆਦਾ ਲੰਮਾ ਸਾਹ ਲੈ ਸਕਦੇ ਹਨ, ਜਿਸ ਕਾਰਨ ਇਹ ਸਮੁੰਦਰ ਵਿਚ 40 ਮੀਟਰ ਤੋਂ 70 ਮੀਟਰ ਦੀ ਗਹਿਰਾਈ ਤੱਕ ਜਾ ਕੇ ਆਪਣੇ ਲਈ ਸ਼ਿਕਾਰ ਕਰ ਸਕਦੇ ਹਨ ਅਤੇ ਇਹ 30 ਸਕਿੰਟ ਤੋਂ 10 ਮਿੰਟ ਤੱਕ ਸਾਹ ਰਾਹ ਰੋਕ ਸਕਦੇ ਹਨ। ਇਸ ਜੀਵਨ ਸ਼ੈਲੀ ਦੇ ਜੀਵ ਵਿਗਿਆਨ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਪਾਇਆ ਕਿ ਇਸ ਕਬੀਲੇ ਦੇ ਲੋਕਾਂ ਦੀ ਤਿੱਲੀ, ਸਬੰਧਿਤ ਖੇਤਰ ਦੇ ਲੋਕਾਂ ਨਾਲੋਂ ਵੱਡੀ ਹੁੰਦੀ ਹੈ। ਵੱਡੀ ਤਿੱਲੀ ਗੋਤਾਖੋਰੀ ਲਈ ਉਨ੍ਹਾਂ ਦੇ ਖੂਨ ਵਿਚ ਵਧੇਰੇ ਆਕਸੀਜਨ ਉਪਲਬਧ ਕਰਵਾਉਂਦੀ ਹੈ। ਪੇਟ ਕੋਲ ਸਥਿਤ ਮੁੱਠੀ ਦੇ ਅਕਾਰ ਦੀ ਤਿੱਲੀ ਖੂਨ 'ਚੋਂ ਪੁਰਾਣੇ ਸੈੱਲ ਹਟਾ ਕੇ, ਲੰਮੀ ਡੁਬਕੀ ਦੌਰਾਨ ਜੈਵਿਕ 'ਸਕੂਬਾ ਟੈਂਕ' ਵਜੋਂ ਕੰਮ ਕਰਦੀ ਹੈ।
ਇਨ੍ਹਾਂ ਖਾਨਾਬਦੋਸ਼ਾਂ ਦਾ ਜ਼ਿਕਰ ਵੇਨੇਸ਼ੀਆਈ ਖੋਜੀ ਐਂਟੋਨੀਓ ਪਿਗਾਫਿਟਾ ਦੁਆਰਾ 1521 ਦੀਆਂ ਲਿਖਤਾਂ ਵਿੱਚ ਵੀ ਕੀਤਾ ਗਿਆ ਸੀ, ਜੋ ਦੁਨੀਆ ਦੀ ਪਰਿਕਰਮਾ ਕਰਨ ਵਾਲੀ ਪਹਿਲੀ ਯਾਤਰਾ ਦਾ ਹਿੱਸਾ ਸੀ। ਇਹ ਲੋਕ ਆਪਣੇ ਸਾਹ ਰੋਕਣ ਦੀ ਅਸਾਧਾਰਣ ਯੋਗਤਾ ਲਈ ਜਾਣੇ ਜਾਂਦੇ ਹਨ।
ਜਦੋਂ ਇਹ ਆਪਣੇ ਪਰੰਪਰਿਕ ਤਰੀਕੇ ਨਾਲ ਗੋਤਾਖੋਰੀ ਕਰਦੇ ਹਨ, ਤਾਂ ਇਹ ਦਿਨ ਵਿਚ ਲਗਾਤਾਰ ਅੱਠ ਘੰਟੇ ਵਾਰ ਵਾਰ ਪਾਣੀ ਅੰਦਰ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਲਗਭਗ 60 ਪ੍ਰਤੀਸ਼ਤ ਹਿੱਸਾ ਪਾਣੀ ਦੇ ਅੰਦਰ ਬਿਤਾਉਂਦੇ ਹਨ। ਇਨ੍ਹਾਂ ਦੀਆਂ ਯੋਗਤਾਵਾਂ ਇਨ੍ਹਾਂ ਦੇ ਤਜ਼ਰਬੇ ਅਤੇ ਸਿਖਲਾਈ ਨਾਲ ਹੀ ਆਖਰੀ ਰੂਪ ਲੈਂਦੀਆਂ ਹਨ, ਪਰ ਓਤਾਹ ਯੂਨੀਵਰਸਿਟੀ ਦੀ ਖੋਜਾਰਥੀ ਡਾ. ਮੇਲਿਸਾ ਇਲਾਰਡੋ ਨੂੰ ਇਸ ਗੱਲ ਦਾ ਸਬੂਤ ਮਿਲਿਆ ਹੈ ਕਿ ਇਹ ਜੈਨੇਟਿਕ ਤੌਰ 'ਤੇ ਵੀ ਸਮੁੰਦਰੀ ਜੀਵਨ ਦੇ ਅਨੁਕੂਲ ਹਨ। ਇਹ ਪਾਣੀ ਵਿਚ ਓਨੇ ਹੀ ਸਹਿਜ ਹਨ ਜਿੰਨੇ ਆਮ ਲੋਕ ਜ਼ਮੀਨ 'ਤੇ ਹਨ। ਗੋਤਾਖੋਰੀ ਸਮੇਂ ਇਹ ਸਿਰਫ਼ ਸਧਾਰਨ ਲੱਕੜੀ ਦਾ ਮਾਸਕ ਜਾਂ ਐਨਕਾਂ ਅਤੇ ਇਕ ਵਜਨ ਬੇਲਟ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਇਹ ਕਿਸੇ ਅਕਸੀਜਨ ਸਿਲੰਡਰ ਜਾਂ ਹੋਰ ਸਾਧਨਾਂ ਦਾ ਇਸਤੇਮਾਲ ਨਹੀਂ ਕਰਦੇ।
ਸਮੁੰਦਰੀ ਤੱਟ ਅਤੇ ਅਬਾਦੀ ਤੋਂ ਦੂਰ ਰਹਿਣ ਕਾਰਨ ਇਹ ਖਾਨਾਬਦੋਸ਼ ਸਮਾਜ ਦੇ ਵੀ ਕਿਨਾਰੇ ‘ਤੇ ਰਹਿ ਜਾਂਦੇ ਹਨ, ਜਿਸ ਕਾਰਨ ਸਬੰਧਿਤ ਖੇਤਰ ਦੇ ਲੋਕ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਅਤੇ ਇਨ੍ਹਾਂ ਲਈ ਆਪਣੀਆਂ ਮਨਘੜ੍ਹਤ ਗੱਲਾਂ ਬਣਾ ਰੱਖੀਆਂ ਹਨ। ਜ਼ਮੀਨੀ ਲੋਕ ਇਨ੍ਹਾਂ ਸਮੁੰਦਰੀ ਵਸਿੰਦਿਆਂ ‘ਤੇ ਜਿਆਦਾ ਭਰੋਸਾ ਨਹੀਂ ਕਰਦੇ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਕੁਝ ਭੇਦ-ਭਾਵ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਅਸਲ ‘ਚ ਇਹ ਮਿਹਨਤੀ ਲੋਕ ਹਨ, ਜੋ ਆਪਣੇ ਬਣਾਏ ਘੇਰੇ ਅੰਦਰ ਰਹਿਣਾ ਪਸੰਦ ਕਰਦੇ ਹਨ, ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਇਹ ਆਪਣੇ ਘੇਰੇ ਤੋਂ ਬਾਹਰ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਬਲਕਿ ਇਸ ਤੋਂ ਉਲਟ ਇਹ ਉਨ੍ਹਾਂ ਦਾ ਖਿੜੇ ਮੱਥੇ ਸਵਾਗਤ ਕਰਦੇ ਹਨ।
ਇਸ ਤੋਂ ਇਲਾਵਾ ਡਾ.ਇਲਾਰਡੋ ਦੇ ਦੱਸਣ ਮੁਤਾਬਿਕ ਇਨ੍ਹਾਂ ਸਮੁੰਦਰੀ ਖਾਨਾਬਦੋਸ਼ਾਂ ਦੀ ਪਰੰਪਰਿਕ ਜੀਵਨ ਸ਼ੈਲੀ ਸਮੇਂ ਦੇ ਨਾਲ ਨਾਲ ਖ਼ਤਮ ਹੁੰਦੀ ਜਾ ਰਹੀ ਹੈ, ਸਬੰਧਿਤ ਖੇਤਰਾਂ ਦੇ ਤੱਟਾਂ ਦੀ ਸਰਕਾਰ ਵੱਖ ਵੱਖ ਸਮਾਰੋਹਾਂ ਵਿਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਜ਼ੋਰ ਦਿੰਦੀ ਹੈ ਅਤੇ ਇਹ ਆਪਣੇ ਕਿਸ਼ਤੀ ਵਾਲੇ ਘਰਾਂ ਨੂੰ ਮਜ਼ਬੂਤ ਬਰਕਰਾਰ ਰੱਖਣ ਤੋਂ ਅਸਮਰਥ ਹਨ, ਕਿਉਂਕਿ ਜਿਹੜੇ ਰੁੱਖਾਂ ਦੀ ਹਲਕੀ ਲੱਕੜ ਦੇ ਇਹ ਘਰ ਬਣਾਉਂਦੇ ਸਨ, ਉਹ ਕਈ ਕਾਰਨਾਂ ਕਰਕੇ ਖ਼ਤਮ ਹੁੰਦੀ ਜਾ ਰਹੀ ਹੈ, ਜਿਸ ਲਈ ਇਹ ਕੁਝ ਨਹੀਂ ਕਰ ਸਕਦੇ। ਹੁਣ ਇਨ੍ਹਾਂ ਨੂੰ ਭਾਰੀ ਲੱਕੜ ਦੀ ਵਰਤੋਂ ਕਰਨੀ ਪੈਂਦੀ ਹੈ, ਉਸ ਦੇ ਨਾਲ ਮੋਟਰ ਅਤੇ ਗੈਸ ਜਿਹਾ ਕੁਝ ਵੀ ਹੋ ਸਕਦਾ ਹੈ, ਜੋ ਉਨ੍ਹਾਂ ਲਈ ਬਹੁਤ ਮਹਿੰਗਾ ਪੈਂਦਾ ਹੈ। ਇਹ ਹੋਲੀ ਹੋਲੀ ਧਰਤੀ ਨਾਲ ਜੁੜ ਰਹੇ ਹਨ, ਪਰ ਹਜੇ ਵੀ ਕੁਝ ਲੋਕ ਸਮੁੰਦਰ ਬਨਾਮ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਵਿੱਚ ਬਾਂਸ ਜਿਹੀ ਹਲਕੀ ਲੱਕੜ 'ਤੇ ਘਰ ਬਣਾਉਂਦੇ ਹਨ।
-ਸਿਮਰਨ.
Comments
Post a Comment