ਰੀਝ
ਸ਼ਿੰਦਾ...ਉਮਰ ਲਗਭਗ 14-15 ਸਾਲ। ਮਾਂ ਬਿਮਾਰੀ 'ਚ ਮਰ ਗਈ ਅਤੇ ਪਿਉ ਅੱਤ ਦਾ ਸ਼ਰਾਬੀ ਮਤਲਬ ਜਿੰਨਾ ਦਿਨ ਚ ਕਮਾਉਣਾ ਉਨ੍ਹਾਂ ਦੇ ਹੀ ਸ਼ਰਾਬ ਪੀ ਜਾਣੀ। ਕੁੱਲ ਮਿਲਾ ਕੇ ਸ਼ਿੰਦੇ ਨੇ ਕਦੀ ਸੋਹਣਾ ਜਿਹਾ ਦਿਨ ਚੜ੍ਹਦਿਆਂ ਨਹੀਂ ਵੇਖਿਆ, ਪਰ ਉਹ ਆਪਣੀ ਉਮਰ ਨਾਲੋ ਵੱਧ ਸਿਆਣਾ ਸੀ। ਦਿਨ ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਕੋਈ ਬੁਲਾਉਂਦਾ ਤਾਂ ਹੱਸ ਕੇ ਜੇ ਬੋਲ ਪੈਣਾ ਨਹੀਂ ਬੱਸ ਚੁੱਪ ਵੱਟੀ ਰੱਖਣੀ। ਇਸ ਵਿੱਚ ਉਸਦਾ ਕੋਈ ਕਸੂਰ ਨੀ ਸੀ-ਸਭ ਉਸਦੇ ਹਲਾਤ ਸਨ।
ਉਸਦਾ ਦਿਨ ਅਖ਼ਬਾਰ ਵੰਡਣ ਤੋਂ ਸ਼ੁਰੂ ਹੁੰਦਾ ਸੀ, ਸਵੇਰੇ ਅੱਖਾਂ ਮਲ੍ਹਦਾ ਉੱਠਦਾ ਤੇ ਸਾਇਕਲ ਚੁੱਕ ਚੌਂਕ ਤੋਂ ਅਖ਼ਵਾਰ ਲੈ ਕੇ ਘਰ ਘਰ ਵੰਡ ਆਉਂਦਾ ਫਿਰ ਫਟਾਫਟ ਮੂੰਹ ਹੱਥ ਧੋ ਕੇ ਸੇਠ ਦੀ ਦੁਕਾਨ ਤੇ ਚਲਾ ਜਾਂਦਾ, ਜਿੱਥੇ ਉਹ ਥੋੜ੍ਹਾ ਬਹੁਤ ਚਾਹ ਪਾਣੀ ਪੀ ਆਪਣੇ ਕੰਮ ਚ ਉਲਝ ਜਾਂਦਾ। ਉਸਦਾ ਸੇਠ ਅੱਤ ਦਰਜੇ ਦਾ ਹਰਾਮੀ ਬੰਦਾ। ਦਿਨ ਭਰ ਉਸ ਨੂੰ ਸਤਾਈ ਜਾਂਦਾ, ਉਸ ਨੂੰ ਇਕ ਮਿੰਟ ਬੈਠਣ ਨਹੀਂ ਸੀ ਦਿੰਦਾ -ਦੁਕਾਨ ਦੇ ਕੰਮ ਤੋਂ ਲੈ ਕੇ ਘਰ ਦੇ ਨਿੱਕੇ ਨਿੱਕੇ ਕੰਮ ਵੀ ਉਸ ਤੋਂ ਕਰਵਾਉਂਦਾ ਰਹਿੰਦਾ ਸੀ। ਪਰ ਸ਼ਿੰਦਾ ਖੁਸ਼ੀ ਖੁਸ਼ੀ ਸਾਰਾ ਦਿਨ ਕੰਮੀ ਰੁਝਿਆ ਰਹਿੰਦਾ ਸੀ 'ਤੇ ਰਾਤ ਨੂੰ ਉਹ ਘਰ ਆਪਣੇ ਪਿਉ ਦੇ ਸੌਂ ਜਾਣ ਤੋਂ ਬਾਅਦ ਹੀ ਜਾਂਦਾ, ਜਾ ਕੇ ਕੋਈ ਕਿਤਾਬ ਚੁੱਕ ਲੈਂਦਾ, ਥੋੜ੍ਹਾ ਬਹੁਤ ਪੜ੍ਹਦਾ ਫਿਰ ਸੌ ਜਾਂਦਾ। ਇਸੇ ਤਰ੍ਹਾਂ ਉਸਦਾ ਦਿਨ ਬਸਰ ਹੋ ਰਿਹਾ ਸੀ।
ਇਕ ਦਿਨ ਦੁਕਾਨ 'ਤੇ ਚਾਹ ਬਣਾਉਂਦਿਆਂ ਉਸ ਤੋਂ ਕੱਪ ਟੁੱਟ ਜਾਂਦਾ ਹੈ, ਗੁੱਸੇ ਚ ਸੇਠ ਉਸਦੇ ਥੱਪੜ ਮਾਰਦਾ ਹੋਇਆ ਉਸਨੂੰ ਬਹੁਤ ਜਲੀਲ ਕਰਦਾ ਹੈ 'ਤੇ ਆਪਣੇ ਘਰ ਸਫਾਈ ਲਈ ਭੇਜ ਦਿੰਦਾ ਹੈ। ਉਹ ਰੋਂਦਾ ਹੋਇਆ ਸੇਠ ਦੇ ਘਰ ਵੱਲ ਤੁਰ ਪੈਂਦਾ ਹੈ..
ਉਸ ਨੂੰ ਜਾਂਦਿਆਂ ਵੇਖ ਸਾਹਮਣੇ ਦੁਕਾਨ ਵਾਲਾ ਨਿੱਕਾ ਉਸ ਨੂੰ ਬੋਲ ਮਾਰਦਾ ਹੈ..
-ਉਏ ਸ਼ਿੰਦੇ ..ਓਰੇ ਆ (ਸ਼ਿੰਦਾ ਅੱਖਾ ਪੂੰਝਦਾ ਹੋਇਆ ਉਹਦੇ ਵੱਲ ਹੋ ਜਾਂਦਾ ਹੈ)
-ਹਾਂ ਬਾਈ...
-ਕੀ ਹੋਇਆ ..ਤੇਰਾ ਸੇਠ ਜ਼ਿਆਦਾ ਈ ਬੁੜਕੀ ਜਾਂਦੇ ...ਤੂੰ ਦਿਨ ਰਾਤ ਖੱਪਦੇ ..ਇਹਦੀ ਚਾਕਰੀ ਛੱਡ ਕਿਉਂ ਨੀ ਦਿੰਦਾ !!! ਏਨਾ ਕੰਮ ਕਰ ਕੇ ਜਾਣਾ ਕਿੱਥੇ ਆ ਤੂੰ?? ਹੈਂ ????
-ਨਹੀਂ ਬਾਈ ..ਕੰਮ ਦੀ ਲੋੜ ਆ ਮੈਂਨੂੰ ..
-ਤੇਰੇ ਪਿਉ ਨੂੰ ਤਾਂ ਕੋਈ ਫਿਕਰ ਨੀ ..ਉਹ ਸਾਲਾ ਸਾਰੀ ਦਿਹਾੜੀ ਗਲੀਆਂ ਚ ਡਿੱਗਦਾ ਫਿਰੂ!! ਉਹਨੂੰ ਭੈਣ ਚੋ...(ਵਿਚੋਂ ਗੱਲ ਕੱਟਦਿਆਂ ਸ਼ਿੰਦਾ ਭਰੀਆਂ ਅੱਖਾ ਨਾਲ ਕਹਿੰਦਾ ਹੈ)
-ਤਾਹੀਂ ਬਾਈ ..ਮੇਰਾ ਪਿਉ ਤਾਂ ਕਦੀ ਆਪਣੇ ਪੈਰਾਂ 'ਤੇ ਖੜ੍ਹਾ ਨੀ ਹੋ ਸਕਿਆ, ਪਰ ਮੈਂ ਤਾਂ ਹੋ ਸਕਦਾ ਨਾ!! ਬਸ ਮੈਨੂੰ ਏਨਾ ਪਤਾ ਕਿ ਮੈਂ ਗਰੀਬੀ 'ਚ ਜ਼ਰੂਰ ਜੰਮਿਆ, ਪਰ ਆਪਣੀ ਮਾਂ ਵਾਂਗ ਗਰੀਬੀ 'ਚ ਹੀ ਬਿਮਾਰੀ ਨਾਲ ਮਰਨਾ ਨਹੀਂ ਚਾਹੁੰਦਾ!!!!
(ਇਹ ਕਹਿ ਕੇ ਉਹ ਉਥੋਂ ਚਲਾ ਜਾਂਦਾ ਹੈ)
-simran.
pic-from google
Comments
Post a Comment