ਟੁੱਟਦੇ ਰਿਸ਼ਤਿਆਂ ਦੀ ਇਕ ਤੰਦ..
ਜ਼ਿੰਦਗੀ ਵਿੱਚ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਵਿਚੋਂ ਕੋਈ ਨਾ ਕੋਈ ਘਟਨਾ ਸਾਡੇ ਮਨ 'ਤੇ ਹਮੇਸ਼ਾ ਲਈ ਇਕ ਛਾਪ ਛੱਡ ਜਾਂਦੀ ਹੈ। ਇਸੇ ਤਰ੍ਹਾਂ ਮੈਨੂੰ ਇਕ ਬਜ਼ੁਰਗ ਬੇਬੇ ਦਾ ਉਮਰ ਦੀਆਂ ਲਕੀਰਾਂ ਨਾਲ ਭਰਿਆ ਚਿਹਰਾ ਕਦੀ ਨਹੀਂ ਭੁੱਲਦਾ। ਮੈਂ 6-7ਵੀ ਵਿੱਚ ਪੜ੍ਹਦੀ ਸੀ ਤੇ ਮੈਨੂੰ ਸਕੂਲ ਤੋਂ ਘਰ ਪੈਦਲ ਹੀ ਆਉਣਾ ਜਾਣਾ ਪੈਂਦਾ ਸੀ।
ਇਕ ਦਿਨ ਸਕੂਲ ਤੋਂ ਘਰ ਮੁੜਦਿਆਂ, ਮੈਂ ਵੇਖਿਆ ਕਿ ਇਕ ਬੇਬੇ ਤੁਰਦੀ-ਤੁਰਦੀ ਰੁੱਕ ਗਈ, ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਂ ਉਸੇ ਤਰ੍ਹਾਂ ਉਸ ਵੱਲ ਵੱਧਦੀ ਰਹੀ ਕਿਉਂਕਿ ਉਹ ਉਸੇ ਰਾਹ ਤੇ ਲਗਭਗ 10-15 ਕਦਮਾਂ ਦੀ ਵਿੱਥ 'ਤੇ ਮੇਰੇ ਸਾਹਮਣੇ ਖੜ੍ਹੀ ਸੀ। ਉਹ ਕੁਝ ਦੇਰ ਖੜ੍ਹੀ, ਫੇਰ ਉਸੇ ਤਰ੍ਹਾਂ ਧੁੱਪ ਵਿੱਚ ਹੀ ਬੈਠ ਗਈ। ਮੈਨੂੰ ਲੱਗਿਆ ਸ਼ਾਇਦ ਕੋਈ ਬੱਚਾ ਜਾਂ ਵੱਡਾ ਮੇਰੇ ਪਿਛੇ ਆ ਰਿਹਾ ਹੋਵੇਗਾ, ਜਿਸਨੂੰ ਬੇਬੇ ਉਡੀਕ ਰਹੀ ਹੈ। ਮੇਰੇ ਕੋਲ ਪਹੁੰਚਦਿਆਂ ਹੀ ਉਸਨੇ ਮੈਨੂੰ ਬੁਲਾਇਆ...ਮੈਂ ਅੱਗੇ ਪਿਛੇ ਵੇਖਿਆ ਤੇ ਸੋਚਿਆ ਕਿ ਸ਼ਾਇਦ ਬੇਬੇ ਕਿਸੇ ਹੋਰ ਨੂੰ ਬੁਲਾ ਰਹੀ ਹੈ। ਪਰ ਜਦ ਮੈਨੂੰ ਕੋਈ ਨਹੀਂ ਦਿੱਸਿਆ ਤਾਂ ਮੈਂ ਉਸਦੇ ਕੋਲ ਚਲੀ ਗਈ।
ਬੇਬੇ ਅੱਖਾਂ ਖੋਲ੍ਹ-ਖੋਲ੍ਹ ਕੇ ਮੈਨੂੰ ਪਛਾਨਣ ਲੱਗੀ ਤੇ ਮੇਰਾ ਸਿਰ ਪਲੋਸਦੀ ਹੋਈ ਸਭ ਤੋਂ ਪਹਿਲਾਂ ਇਹੀ ਕਿਹਾ ਕਿ "ਤੂੰ ਬਿਲਕੁਲ ਮੇਰੀ ਛੋਟੀ ਕੁੜੀ ਵਰਗੀ ਏ....ਦੂਰੋਂ ਮੈਨੂੰ ਲੱਗਿਆ ਜਿਵੇਂ ਉਹੀ ਆਉਂਦੀ ਆ...!!"
ਫਿਰ ਬੇਬੇ ਹੋਲੀ-ਹੋਲੀ ਆਪਣੀ ਸੋਟੀ ਦੇ ਸਹਾਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਹੋਈ ਮੇਰੇ ਨਾਲ-ਨਾਲ ਤੁਰਨ ਲੱਗੀ, ਜਿੰਨਾ ਵਿਚੋਂ ਕੁਝ ਕੁ ਦੀ ਮੈਨੂੰ ਸਮਝ ਲੱਗੀ ਤੇ ਕੁਝ ਕੁ ਦੀ ਨਹੀਂ ਲੱਗੀ। ਗੱਲਾਂ-ਗੱਲਾਂ 'ਚ ਮੈਨੂੰ ਪਤਾ ਲੱਗਿਆ ਕਿ ਉਸਦੀ ਛੋਟੀ ਕੁੜੀ ਨੂੰ ਮਰਿਆ ਕਈ ਸਾਲ ਹੋ ਗਏ, ਉਹ ਬਿਮਾਰ ਹੋ ਗਈ ਸੀ।
ਉਦੋਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ, ਪਰ ਹੁਣ ਜਦ ਵੀ ਇਹ ਨਿੱਕੀ ਜਿਹੀ ਘਟਨਾ ਯਾਦ ਆ ਜਾਂਦੀ ਹੈ ਤਾਂ ਸੋਚਦੀ ਹਾਂ ਕਿ ਬੰਦਾ ਉਮਰ ਦੇ ਨਾਲ-ਨਾਲ ਕਿੰਨਾ ਇਕੱਲਾ ਤੇ ਬੇਵੱਸ ਹੋ ਜਾਂਦਾ ਹੈ। ਰਿਸ਼ਤੇ-ਨਾਤੇ ਵੀ ਬਹੁਤ ਦੂਰ ਅਤੇ ਸਿਰਫ਼ ਮਤਲਬ ਦੇ ਹੀ ਰਹਿ ਜਾਂਦੇ ਹਨ ਤੇ ਬੁੱਢੀਆਂ ਅੱਖਾਂ ਦੀਆਂ ਸੱਧਰਾਂ ਦੂਰ-ਦੂਰ ਅਪਣਿਆਂ ਨੂੰ ਪਛਾਨਣ ਵਿੱਚ ਰੁੱਝ ਜਾਂਦੀਆਂ ਹਨ।
-ਸਿਮਰਨ.
Kamaal di likhat
ReplyDelete