ਮਿੰਨੀ ਕਹਾਣੀ- ਬੁਝਾਰਤ
ਸ਼ਾਮ ਦਾ ਸਮਾਂ-ਇਕ ਬਜ਼ੁਰਗ ਮਿੱਟੀ ਨਾਲ਼ ਲੱਥ-ਪੱਥ...ਇੱਧਰ-ਉੱਧਰ ਹੱਥ ਮਾਰ ਰਿਹਾ ਸੀ। ਘੁੰਮਦਾ... ਕੁੱਝ ਲੱਭਦਾ ..ਬੁੜ-ਬੁੜ ਕਰਦਾ। ਉਸਨੂੰ ਦੇਖ ਕੁੱਝ ਸਮਝ ਨਹੀਂ ਸੀ ਲੱਗ ਰਹੀ। ਉਸਦੀ ਤੜਫ਼ ਤੋਂ ਇੰਝ ਲੱਗਿਆ ਜਿਵੇਂ ਉਸਦਾ ਕੁੱਝ ਕੀਮਤੀ ਗੁਆਚ ਗਿਆ ਹੋਵੇ। ਕੋਲੋਂ ਲੰਘਦਿਆਂ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਹੀ ਲਿਆ।
”ਬਾਬਾ...!! ਤੇਰਾ ਇਹੋ ਜਾ ਕੀ ਗੁਆਚ ਗਿਆ??”
ਮੇਰੇ ਕਹਿਣ ਦੀ ਦੇਰ ਸੀ ਬਾਬਾ ਇਕਦਮ ਰੁਕ ਗਿਆ। ਮੈਨੂੰ ਲੱਗਿਆ ਸ਼ਾਇਦ ਮੈਂ ਕੁਝ ਗਲ਼ਤ ਪੁੱਛ ਲਿਆ, ਡਰਦਿਆਂ ਮੈਂ ਖਿਸਕਣ ਬਾਰੇ ਸੋਚਿਆ ਹੀ ਸੀ ਕਿ.... ਬਾਬੇ ਨੇ ਡੂੰਘਾ ਸਾਹ ਲਿਆ.. ਤੇ ਕੰਬਦੀ ਜਿਹੀ ਅਵਾਜ਼ ਚ ਕਹਿਣ ਲੱਗਾ।
”ਪੁੱਤਰਾ...!! ਮੇਰਾ ਜੀਉਣਾ ਗੁਆਚ ਗਿਆ........ ਪਤਾ ਹੀ ਨੀ ਲੱਗਿਆ ਕਦੋਂ.... ਕਿੱਥੇ... ਹੁੰਅ... ਗੁਆਚ ਗਿਆ ਲੱਗਦਾ...ਸਦਾ ਲਈ... ਲੱਭਣਾ ਨੀ ਹੁਣ..ਹੁਣ ਨਈਂ ਲੱਭਣਾ..!!” ਬਾਬਾ ਇਕਦਮ ਹੇਠਾਂ ਬੈਠ ਗਿਆ। ਮੇਰੇ ਦਿਲ ਚ ਇਕ ਕੰਬਣੀ ਜਿਹੀ ਛਿੜ ਗਈ... ਤੁਰਨ ਲੱਗੀ ਤਾਂ ਬਾਬੇ ਨੇ ਕਿਹਾ।
”ਪੁੱਤ..!! ਗੱਲ ਸੁਣ....!! ਤੈਨੂੰ ਮਿਲੇ ਤਾਂ ਦੱਸੀਂ..ਜ਼ਰੂਰ ਦੱਸੀਂ..ਹਾਂ ਮੇਰੇ ਸ਼ੇਰ ਪੁੱਤ ਜ਼ਰੂਰ ਦੱਸੀਂ।“ ਬਾਬਾ ਉਸੇ ਤਰ੍ਹਾਂ ਫਿਰ ਬੁੜ-ਬੁੜ ਕਰਨ ਲੱਗ ਪਿਆ।
ਮੈਂ ਚੁੱਪ ਕਰਕੇ ਓਥੋਂ ਲੰਘ ਆਈ ਤੇ ਦਿਮਾਗ ‘ਚ ਇਕੋ ਗੱਲ ਚੱਲ ਰਹੀ ਸੀ… ਇਹ ਜੀਉਣਾ ਕੀ ਹੁੰਦਾ ਏ..?? ਮੈਂਨੂੰ ਇਹ ਜ਼ਿੰਦਗੀ..ਜੀਉਣਾ..ਇਕ ਬੁਝਾਰਤ ਜਿਹੇ ਲੱਗੇ..। ਮਸ਼ੀਨ ਨਾਲ਼ ਮਸ਼ੀਨ ਹੋਇਆਂ ਦਾ ਜੀਉਣਾ ਤਾਂ ਕਿਤੇ ਬਿਸਰ ਹੀ ਗਿਆ ਸੀ.....ਪਤਾ ਨਹੀਂ ਕਦੋਂ ਤੋਂ....!!!!!!
-ਸਿਮਰਨ.
Comments
Post a Comment