ਨਸ਼ੇਖੋਰੀ 'ਤੇ ਗੁੰਡਾਗਰਦੀ
ਇਸ ਸੰਸਾਰ ਅੰਦਰ ਪ੍ਰਸ਼ਨ ਉਠਾਉਣ, ਪਾਉਣ 'ਤੇ ਕਰਨ ਨੂੰ ਖ਼ਤਰਨਾਕ ਮੰਨਿਆਂ ਜਾਂਦਾ ਹੈ, ਉਸ ਦਾ ਮਖੌਲ ਉਡਾਇਆ ਜਾਂਦਾ ਹੈ, ਹਰ ਹੀਲੇ ਚੁੱਪ ਕਰਵਾਇਆ ਜਾਂਦਾ ਹੈ। ਸਰਕਾਰਾਂ, ਅਫ਼ਸਰਸ਼ਾਹੀ, ਸੰਸਥਾਵਾਂ ਦੇ ਮੁਖੀਆਂ ਨੂੰ ਸਵਾਲ ਬੇਅਰਾਮ ਕਰਦੇ ਹਨ। ਜੀਵਨ, ਇਤਿਹਾਸ,ਅਨੁਭਵ ਜਾਂ ਵਰਤਾਰੇ ਨੂੰ ਵੇਖ ਉਸ ਬਾਰੇ ਪ੍ਰਸ਼ਨ ਕਰਨਾ, ਹਰ ਮਨੁੱਖ ਦਾ ਮੂਲ ਧਰਮ ਹੁੰਦਾ ਹੈ ਅਤੇ ਅੱਜ ਦਾ ਪ੍ਰਸ਼ਨ 'ਨਸ਼ੇਖੋਰੀ ਤੇ ਗੁੰਡਾਗਰਦੀ' ਦਾ ਹੈ।
ਪੰਜਾਬ ਦਿਨ ਬ ਦਿਨ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਹੈ। ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ 'ਕੰਗਾਲ' ਬਣ ਕੇ ਰਹਿ ਗਿਆ ਹੈ। ਨਸ਼ਾਖੋਰੀ ਦੇ ਕਾਰਨ ਕੀ ਹਨ? ਅੱਜ ਦੀ ਪੀੜ੍ਹੀ ਵਿੱਚ ਨਸ਼ਾ ਇਨ੍ਹਾਂ ਜ਼ਿਆਦਾ ਪ੍ਰਫੁਲਿਤ ਕਿਉਂ ਹੋ ਰਿਹਾ ਹੈ? ਆਖ਼ਿਰ ਸਰਕਾਰਾਂ ਦੇ so called ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾਂਦੇ 'ਯਤਨਾਂ' ਦੇ ਬਾਵਜੂਦ ਨਸ਼ਿਆਂ ਦਾ ਦਰਿਆ ਪੂਰੇ ਜੋਸ਼ ਨਾਲ ਬਹਿ ਰਿਹਾ ਹੈ, ਕਿਉਂ? ਅੱਜ ਨਸ਼ਾ ਹਰ ਘਰ, ਹਰ ਵੱਡੇ-ਛੋਟੇ ਦੇ ਹੱਥਾਂ ਤੱਕ ਪਹੁੰਚ ਗਿਆ ਹੈ। ਜੇਕਰ ਮੌਜੂਦਾ ਸਿਸਟਮ ਜਾਂ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਚਿੰਤਤ ਹੈ ਤਾਂ ਘਰ ਘਰ ਨਸ਼ਾ ਪਹੁੰਚਾਉਣ ਦਾ ਕੌਣ ਜ਼ਿੰਮੇਵਾਰ ਹੈ? ਇਸਦੇ ਬਹੁਤ ਸਾਰੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਕਾਰਨ ਹੋ ਸਕਦੇ ਹਨ ਅਤੇ ਹਰ ਇਕ ਕਾਰਨ ਇਕ-ਦੂਜੇ ਨਾਲ ਕੜੀਆਂ ਵਾਂਗ ਜੁੜਿਆ ਹੋਇਆ ਹੈ, ਜਿਵੇਂ ਕਿ ਪਹਿਲਾਂ ਕਾਰਨ ਪੰਜਾਬੀ ਬੰਦੇ ਦੀ ਆਰਥਿਕਤਾ ਹੈ। ਜੇਕਰ ਕੁਝ ਸਾਲ ਪਹਿਲਾਂ ਹੀ ਦਿਹਾੜੀਦਾਰ ਬੰਦੇ ਨੂੰ ਉਸਦੀ ਮਜ਼ਦੂਰੀ ਦਾ ਸਹੀ ਮੁੱਲ ਮਿਲਿਆ ਹੁੰਦਾ, ਪੰਜਾਬ ਦੇ ਹਰ ਕਿਸਾਨ ਦੀ ਦਿਨ-ਰਾਤ ਇਕ ਕਰਕੇ ਮਿਹਨਤ ਨਾਲ ਪਕਾਈ ਫਸਲ ਦਾ ਸਹੀ ਮੁੱਲ ਲਗਾਇਆ ਹੁੰਦਾ, 'ਤੇ ਜੇਕਰ ਅੱਜ ਨੌਜਵਾਨ ਬੇਰੁਜ਼ਗਾਰ ਨਾ ਹੁੰਦਾ ਤਾਂ ਸ਼ਾਇਦ ਛੇਵਾਂ ਦਰਿਆ ਨਸ਼ਿਆ ਦਾ ਦਰਿਆ ਨਾ ਹੁੰਦਾ।
-ਕਿਤੇ ਨਾ ਕਿਤੇ ਮੌਜੂਦਾ ਸਿਸਟਮ ਪੰਜਾਬ ਨੂੰ ਸੰਭਾਲਣ ਤੋਂ ਅਸਫ਼ਲ ਰਿਹਾ ਹੈ.।ਵੱਧਦੀ ਮਹਿਗਾਈ ਕਾਰਨ ਕਿਸਾਨ ਫਾਹੇ ਲੱਗ ਰਿਹਾ ਹੈ ਜਾਂ ਟ੍ਰੈਨ ਦੀਆਂ ਪੱਟੜੀਆਂ 'ਤੇ ਵਿਛ ਕੇ ਰਹਿ ਗਿਆ ਹੈ। ਨਵੀ ਪੀੜ੍ਹੀ ਬੇਰੁਜਗਾਰੀ ਕਾਰਨ ਆਪਣੀ ਜਵਾਨੀ ਧਰਨਿਆਂ ਵਿੱਚ ਲੰਘਾ ਰਹੀ ਹੈ ਜਾਂ ਮੋਬਾਇਲ 'ਤੇ ਮਿਲਦੇ 1 gb ਡਾਟੇ ਵਿੱਚ। ਆਪਣੇ-ਆਪ ਬਾਰੇ ਜਾਂ ਪੰਜਾਬ ਦੀ ਬਿਗੜਦੀ ਹਾਲਤ ਬਾਰੇ ਸੋਚਣ ਲਈ ਜ਼ਿਆਦਾਤਰ ਕੋਲ ਵਹਿਲ ਹੀ ਨਹੀਂ ਰਹੀ। ਸਿਸਟਮ ਨੂੰ ਚਲਾਉਣ ਵਾਲਿਆਂ ਨੇ ਕਰੱਪਸ਼ਨ ਦੇ ਚਸ਼ਮੇ ਲਗਾ ਰੱਖੇ ਹਨ ਅਤੇ ਆਮ ਜਨਤਾ ਅੰਧ-ਵਿਸ਼ਵਾਸ਼ਾਂ ਵਿੱਚ ਰੁਝੀ ਫਿਰਦੀ ਹੈ। ਪੰਜਾਬ ਅੰਦਰੋ-ਅੰਦਰੀ ਖੋਖਲਾ ਹੁੰਦਾ ਜਾ ਰਿਹਾ ਹੈ। ਸਵਾਲ ਉਠਾਉਣ ਵਾਲਿਆਂ ਨੂੰ ਅੱਤਵਾਦੀ ਕਰਾਰ ਕਰ ਦਿੱਤਾ ਜਾਂਦਾ ਹੈ, ਜੋ ਥੋੜ੍ਹੇ ਬਹੁਤ ਬਚਦੇ ਹਨ, ਉਨ੍ਹਾਂ ਨੂੰ ਸੋਸ਼ਲ ਮੀਡੀਆ- ਪੰਜਾਬ ਸ਼ਾਹੀ ਲੋਕਾਂ ਦਾ, ਐਸ਼ਪ੍ਰਸ਼ਤੀ, ਜੱਟਵਾਦ, ਹਥਿਆਰਾਂ ਵਾਲੇ, ਖੁਸ਼-ਮਿਜ਼ਾਜ ਹੋਣ ਜਿਹੇ ਵਹਿਮ ਥਾਲ ਵਿੱਚ ਪਰੋਸ ਕੇ ਦੇ ਦਿੰਦਾ ਹੈ। ਇਨ੍ਹਾਂ ਸਭ ਕਾਰਨਾਂ ਤੋਂ ਬਾਹਰ ਆ ਕੇ ਜਦੋਂ ਪੰਜਾਬੀ ਬੰਦੇ ਨੂੰ ਆਪਣੀ ਤਰਸਯੋਗ ਹਾਲਤ ਅਤੇ ਐਸ਼ਪ੍ਰਸਤੀ ਵਹਿਮ ਵਿਚਲੇ ਫ਼ਰਕ ਬਾਰੇ ਪਤਾ ਲਗਦਾ ਹੈ ਤਾਂ ਉਹ ਪਾਣੀ ਬਿਨ੍ਹਾਂ ਤੜਫਦੀ ਮੱਛਲੀ ਵਾਂਗ ਤੜਫਦਾ ਹੈ, ਫਿਰ ਸਿਸਟਮ ਨੂੰ, ਆਪਣੇ-ਆਪ ਨੂੰ ਜਾਂ ਆਪਣੀ ਕਿਸਮਤ ਨੂੰ ਕੋਸਦਾ ਹੈ। ਇਹੋ ਜਿਹੀ ਸਥਿਤੀ ਵਿੱਚ ਬਹੁਤ ਘੱਟ ਲੋਕ ਸੰਭਲਦੇ ਹਨ, ਜ਼ਿਆਦਾਤਰ ਨਸ਼ਿਆਂ ਵੱਲ ਜਾਂ ਆਤਮ-ਹੱਤਿਆਂ ਵੱਲ ਤੁਰ ਪੈਂਦੇ ਹਨ। ਨਸ਼ਿਆਂ ਦੀ ਲਤ ਲੱਗਣ ਦੇ ਤਿੰਨ ਕਾਰਨ ਹੋ ਸਕਦੇ ਹਨ-
- ਸ਼ੌਂਕ
- ਆਲਾ-ਦੁਆਲਾ
- ਜਾਂ ਮਜ਼ਬੂਰੀ।
ਜੇਕਰ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਬਿਨ੍ਹਾਂ ਸ਼ੱਕ ਤੋਂ , ਮੀਡੀਆ ਮਨੋਰੰਜਨ ਦਾ ਇਕ ਜਰੀਆ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਟੈਨਸ਼ਨਾਂ ਘੱਟ ਜਾਂਦੀਆਂ ਹਨ। ਲੋਕ ਆਪਣੀਆਂ ਪਰੇਸ਼ਾਨੀਆਂ ਘਟਾਉਣ ਲਈ ਇਸ ਦਾ ਸਹਾਰਾ ਲੈਂਦੇ ਹਨ, ਪਰ ਜ਼ਿਆਦਾਤਰ ਮੀਡੀਆ ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ। ਵੱਧ ਰਹੀ ਗੁੰਡਾਗਰਦੀ ਨੂੰ ਬੜਾਵਾ ਦੇਣ ਵਿੱਚ ਸ਼ੋਸ਼ਲ ਮੀਡੀਆ ਇਕ ਕਾਰਨ ਬਣਦਾ ਹੈ। ਅੱਜ ਹਰ ਇਕ ਦੇ ਹੱਥਾਂ ਵਿੱਚ ਮੋਬਾਇਲ ਹੈ। ਆਪਣੇ ਵਹਿਲਪੁਣੇ ਦੇ ਪਲਾਂ ਵਿੱਚ ਸ਼ੋਸਲ ਮੀਡੀਆ ਤੇ ਪਰੋਸੀ ਗਈ ਹਰ ਇਕ ਚੀਜ਼ ਨੂੰ ਬੜੇ ਗੌਰ ਨਾਲ ਨਿਰਖਿਆ-ਪਰਖਿਆ ਜਾਂਦਾ ਹੈ ਅਤੇ ਬਿਨ੍ਹਾਂ ਕੁਝ ਸੋਚੇ-ਸਮਝੇ ਉਸਨੂੰ ਅਪਣੀ ਜ਼ਿੰਦਗੀ ਵਿੱਚ ਵੀ ਉਤਾਰ ਲਿਆ ਜਾਂਦਾ ਹੈ। ਸਾਰੇ ਅਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਏਦਾ ਦੇ ਹੀ ਲੋਕ ਮਿਲਦੇ ਹਨ। ਅੱਜ-ਕੱਲ੍ਹ ਦੇ ਪੰਜਾਬੀ ਗੀਤਾਂ ਨੂੰ ਹੀ ਵੇਖ ਲਉ। ਜਿਨ੍ਹਾਂ ਵਿੱਚ ਜ਼ਿਆਦਾਤਰ ਸ਼ਰੇਆਮ ਵੱਡੀਆਂ ਗੱਡੀਆਂ, ਹਥਿਆਰਾਂ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਹੈ। ਜਿੰਨਾ ਕੋਲ ਇਹ ਸਭ ਹੁੰਦਾ ਹੈ, ਉਹ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ, ਜਿਨ੍ਹਾਂ ਕੋਲ ਨਹੀਂ ਹੁੰਦਾ, ਉਹ ਨਸ਼ਿਆਂ ਵੱਲ ਜਾਂ ਅਜਿਹਾ ਹੋਣ ਦੀ ਚਾਹਤ ਵੱਲ ਖਿੱਚੇ ਜਾਂਦੇ ਹਨ। ਜਿਸ ਕੋਲ ਵੱਡੀ ਗੱਡੀ ਹੈ, ਉਹ ਫੁਕਰਪੁਣੇ ਵਿੱਚ ਆਪਣੇ ਤੋਂ ਛੋਟੇ ਨੂੰ 'ਕੁਝ ਨਹੀਂ' ਸਮਝਦਾ, ਜਿਸ ਕੋਲ ਪੈਸਾ ਹੈ, ਉਹ ਛੋਟੇ-ਵੱਡੇ ਦੀ ਇੱਜ਼ਤ ਕਰਨਾ ਹੀ ਭੁੱਲ ਜਾਂਦਾ ਹੈ ਅਤੇ ਸਾਰੀ ਟੌਹਰ, ਗੁੱਸਾ, ਸਰਦਾਰੀ, 'ਤੇ ਰੋਹਬ ਤਾਂ ਉਸਦੇ ਹਿੱਸੇ ਹੀ ਜਾਪਣ ਲੱਗਦਾ ਹੈ, ਜਿੰਨਾ ਕੋਲ ਹਥਿਆਰ ਹਨ ਜਾਨੀ ਕਿ ਪਾਵਰ 'ਤੇ ਅਜਿਹੀ ਪਾਵਰ ਤੁਸੀਂ ਆਮ ਹੀ ਅੱਜ-ਕੱਲ੍ਹ ਵਿਆਹਾਂ ਵਿੱਚ ਫਾਇਰ ਕਰਦੀ ਮੰਡੀਰ ਹੱਥ ਵੇਖ ਸਕਦੇ ਹੋ, ਜਿਸ ਵਿੱਚ ਜਾਨੀ-ਮਾਲ ਦਾ ਨੁਕਸਾਨ ਹੋਇਆ ਵੀ ਵੇਖਣ ਨੂੰ ਮਿਲਦਾ ਹੈ। ਅਜਿਹੀ ਮੂਰਖਤਾ ਉਨ੍ਹਾਂ ਦੇ ਹੀ ਹੱਥ ਲੱਗਦੀ ਹੈ, ਜੋ ਅਪਣੀ ਟੋਹਰ, ਫੋਕੀ ਸ਼ਾਨ, ਅਣਖ਼ ਤੇ ਹੰਕਾਰ ਲਈ ਸੋਚਣਾ ਭੁੱਲ ਜਾਂਦੇ ਹਨ। ਅਜਿਹੇ ਲੋਕਾਂ ਵਿੱਚ ਸਾਰੇ ਨਹੀਂ ਆਉਂਦੇ, ਪਰ ਜੋ ਆਉਂਦੇ ਹਨ- ਉਹ ਸਭ ਨੂੰ ਵਿਖਾਈ ਦਿੰਦੇ ਹਨ, ਜੋ ਖ਼ੁਦ ਤਾਂ ਸੁੰਗੜਦੀ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹੀ ਹਨ, ਪਰ ਦੂਜਿਆਂ ਲੋਕਾਂ ਭਾਵ ਆਮ ਵਰਗ ਨੂੰ ਉਨ੍ਹਾਂ ਦੀ ਹਾਲਤ 'ਤੇ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ।
ਅਜਿਹੇ ਦਵੰਦ ਕਾਰਨ ਨਵੀ ਪੀੜ੍ਹੀ ਵਿੱਚ ਚਿੜਚਿੜਾਪਣ ਜਾਂ ਟੁੱਟਦੀ ਮਾਨਸਿਕਤਾ ਦਾ ਰੋਗ ਆਮ ਹੋ ਗਿਆ ਹੈ। ਪੈਸੇ ਦੀ ਮਹੱਤਤਾ ਅਤੇ ਵੱਧਦੀਆਂ ਇਛਾਵਾਂ ਨਵੀ ਪੀੜ੍ਹੀ ਨੂੰ ਨਸ਼ੇਖੋਰੀ ਅਤੇ ਗੁੰਡਾਗਰਦੀ ਵੱਲ ਧਕੇਲ ਰਹੀਆਂ ਹਨ। ਨਸ਼ਿਆਂ ਦੇ ਵਿਛਾਏ ਜਾਲ ਨੂੰ ਰੋਕਣ ਲਈ ਸਿਸਟਮ ਨੂੰ ਹੋਰ ਚੇਤਨ ਅਤੇ ਚਿੰਤਤ ਹੋਣ ਦੀ ਲੋੜ ਹੈ ਅਤੇ ਨੌਜਵਾਨ ਵਰਗ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ।
-ਸਿਮਰਨ.
Comments
Post a Comment