ਵਾਰਤਕ- ਇੱਕ ਖ਼ਤ

ਇੱਕ ਖ਼ਤ 

ਮਾਫ਼ ਕਰੀ ਪੁੱਤਰ,
ਧੀ ਹੋਣ ਕਰਕੇ ਮੈਂ ਤੇਰੇ ਨਾਲ ਕਦੀ ਜ਼ਿਆਦਾ ਸਮਾਂ ਨਹੀਂ ਬਿਤਾ ਸਕਿਆ, ਨਾ ਤੇਰੇ ਵਿਆਹ ਤੋਂ ਪਹਿਲਾਂ 'ਤੇ ਨਾ ਹੀ ਬਾਅਦ ਵਿੱਚ। ਮੈਨੂੰ ਮਾਫ਼ ਕਰੀ ਕਿ ਮੈਂ ਤੇਨੂੰ ਕਦੀ ਤੇਰੇ ਭਰਾ ਵਾਲੀ ਥਾਂ ਨਹੀਂ ਦੇ ਸਕਿਆ।
ਛੋਟੇ ਹੁੰਦਿਆਂ ਜਦੋਂ ਤੇਰਾ ਭਰਾ ਗਲਤੀਆਂ ਕਰਦਾ ਸੀ ਜਾਂ ਵੱਡਿਆ ਤੋਂ ਸੁਣੀਆਂ ਗਾਲਾਂ ਕਢਦਾ ਸੀ ਤਾਂ ਉਸਨੂੰ ਝਿੜਕਣ ਦੀ ਬਜਾਏ, ਉਸ ਦੀਆਂ ਗਲਤੀਆਂ 'ਤੇ ਹੱਸ ਦਿੰਦੇ ਸੀ, ਜਦੋਂ ਉਹ ਥੋੜ੍ਹਾ ਵੱਡਾ ਹੋ ਕੇ ਗਲਤੀ ਕਰਨ ਲੱਗਿਆ ਤਾਂ 'ਮੁੰਡਾ ਜਵਾਨ ਹੋ ਰਿਹਾ' ਸੋਚ ਕੇ ਨਜ਼ਰ ਅੰਦਾਜ਼ ਕਰ ਦਿੰਦੇ ਸੀ। ਹੁਣ ਜਦ ਉਹ ਗਲਤੀ ਕਰਦਾ ਹੈ ਤਾਂ ਉਸ ਨੂੰ ਕੁਝ ਵੀ ਕਹਿਣ ਦੀ ਹਿੰਮਤ ਹੀ ਨਹੀਂ ਹੁੰਦੀ ਕਿ ਕੀਤੇ ਉਹ ਸਾਨੂੰ ਘਰੋ ਨਾ ਕੱਢ ਦੇਵੇ। ਇਹ ਸਭ ਮੇਰੀ ਗਲਤੀ ਹੈ...
ਤੇਰੇ ਵੱਲ ਕਦੀ ਖ਼ਿਆਲ ਹੀ ਨਹੀਂ ਗਿਆ, ਤੂੰ ਕਦੋ ਵੱਡੀ ਹੋ ਗਈ, ਕਦੋਂ ਤੇਰਾ ਵਿਆਹ ਹੋ ਗਿਆ..!!!! ਮੈਨੂੰ ਤਾਂ ਇਹ ਵੀ ਨਹੀਂ ਪਤਾ ਤੈਨੂੰ ਕੀ ਵਧੀਆ ਲੱਗਦਾ ਹੈ, ਤੇਰੇ ਕੀ ਸੌਂਕ ਨੇ 'ਤੇ ਤੂੰ ਆਪਣੇ ਲਈ ਕੀ-ਕੀ ਸੁਪਨੇ ਵੇਖੇ ਸੀ!! ਮੈਂ ਤੈਨੂੰ ਜਦੋਂ ਵੇਖਿਆ ਤਾਂ ਬਸ ਆਪਣੀ ਮਾਂ ਨਾਲ ਘਰ ਦੇ ਕੰਮਾਂ ਵਿੱਚ ਉਲਝਿਆ ਹੀ ਵੇਖਿਆ ਹੈ। ਤੂੰ ਅੱਗੇ ਪੜ੍ਹਨਾ ਚਾਹਿਆ ਸੀ, ਤੇਰੀ ਮਾਂ ਨੇ ਮੈਨੂੰ ਦੱਸਿਆ ਸੀ, ਤੇਰਾ ਭਰਾ ਕਹਿੰਦਾ 'ਕੀ ਲੈਣਾ ਇਹਨੇ ਅੱਗੇ ਪੜ੍ਹ ਕੇ..?' 'ਤੇ ਮੈਨੂੰ ਵੀ ਇਹੀ ਠੀਕ ਲੱਗਿਆ ਸੀ..ਬਿਨਾਂ ਕੁਝ ਸੋਚਿਆ ਮੈਂ ਤੈਨੂੰ ਪੜ੍ਹਨੋ ਹਟਾ ਲਿਆ...ਉਸ ਲਈ ਮੈਨੂੰ ਮਾਫ਼ ਕਰੀ ਪੁੱਤ!!!
ਤੂੰ ਜਦ ਵੀ ਘਰ ਦੇ ਦਰਵਾਜ਼ੇ ਕੋਲ ਖੜ੍ਹਨਾ ਚਾਹਿਆ ਤਾਂ ਤੈਨੂੰ ਘੂਰ ਕੇ ਅੰਦਰ ਜਾਣ ਲਈ ਕਹਿ ਦਿੱਤਾ ਜਾਂਦਾ, ਜਦ ਤੂੰ ਹੱਸਣਾ ਜਾਂ ਗਾਉਣਾ ਚਾਹਿਆ ਤਾਂ ਤੈਨੂੰ ਝਿੜਕ ਦਿੱਤਾ ਜਾਂਦਾ, ਇਥੋਂ ਤੱਕ ਕਿ ਤੂੰ ਆਪਣੇ ਸਾਹ ਵੀ ਮਰਜ਼ੀ ਨਾਲ ਨਾ ਲਏ, ਤੂੰ ਆਪਣੀ ਮਰਜ਼ੀ ਲਈ ਬਗਾਵਤ ਕਰ ਸਕਦੀ ਸੀ, ਪਰ ਤੈਨੂੰ ਇਹੀ ਸਿਖਾਇਆ ਗਿਆ ਕਿ ਕੁੜੀਆਂ ਝੁਕ ਕੇ ਹੀ ਰਹਿੰਦੀਆਂ ਨੇ, ਕਦੀ ਆਪਣੇ ਮਾਂ ਪਿਉ ਦੀ ਇੱਜ਼ਤ ਪਲੀਤ ਨਹੀਂ ਕਰਦੀਆਂ!!! ਪਰ ਅੱਜ ਮੈਂ ਸ਼ਰਮਿੰਦਾ ਹਾਂ ਪੁੱਤ!!! ਤੇਰੀ ਮਰਜ਼ੀ ਤੋਂ ਵੱਧ ਕੁਝ ਵੀ ਨਹੀਂ..ਮੈਨੂੰ ਤੂੰ ਬਸ ਮਾਫ਼ ਕਰਦੀਂ..
ਅੱਜ ਜਦੋਂ ਤੈਨੂੰ ਬਾਹਰ ਜਾਂਦਿਆ ਝਿਜਕਦੇ ਵੇਖਦਾ ਜਾਂ ਇਕੱਲਿਆਂ ਘਰ ਦੇ ਕੰਮਾਂ ਵਿੱਚ ਉਲਝਦਿਆਂ ਵੇਖਦਾ ਤਾਂ ਆਪਣੀ ਪਰਵਰਿਸ਼ 'ਤੇ ਸ਼ਰਮ ਆਉਂਦੀ ਏ...ਕਿ ਮੈਂ ਤੈਨੂੰ ਤੇਰੀ ਅਜ਼ਾਦੀ..ਤੇਰੀ ਮਰਜ਼ੀ ਦੀ ਜ਼ਿੰਦਗੀ ਕਿਉਂ ਨਹੀਂ ਦੇ ਸਕਿਆ? ਕਿਉਂ ਤੈਨੂੰ ਏਨਾ ਲਾਚਾਰ ਤੇ ਕੰਮਜ਼ੋਰ ਬਣਾ ਦਿੱਤਾ???? ਕਿਉਂ ਤੈਨੂੰ ਤੇਰੇ ਭਰਾ ਦੇ ਬਰਾਬਰ ਨਹੀਂ ਸਮਝਿਆ??? ਜਦ ਕਿ ਤੁਸੀਂ ਦੋਵੇਂ ਹੀ ਮੇਰਾ ਖੂਨ ਸੀ!!!
ਪੁੱਤ ..ਬਸ ਮੈਂ ਹੁਣ ਇਹੀ ਚਾਹੁੰਦਾ ਹਾਂ ਕਿ ਤੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਵੇ...'ਤੇ ਆਪਣੀ ਧੀ ਦੀ ਪਰਵਰਿਸ਼ ਖ਼ੁਦ ਕਰੇ, ਉਸਨੂੰ ਕਦੀ ਇਹ ਨਾ ਕਹੀ ਕਿ ਕੁੜੀਆਂ ਇਹ ਨੀ ਕਰਦੀਆਂ..ਕੁੜੀਆਂ ਉਹ ਨੀ ਕਰਦੀਆਂ..!!! ਤੂੰ ਉਸਨੂੰ ਬਸ ਇਹੀ ਕਹੀ ਕਿ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ ..ਕੋਈ ਵੀ ਅਜਿਹਾ ਕੰਮ ਨਹੀਂ, ਜੋ ਇਕੱਲੇ ਮੁੰਡਿਆਂ ਦੇ ਹਿੱਸੇ ਆਇਆ ਹੈ ਤੇ ਕੋਈ ਵੀ ਅਜਿਹੀ ਜ਼ਿੰਮੇਵਾਰੀ ਨਹੀਂ ਜੋ ਇਕੱਲੀਆਂ ਔਰਤਾਂ ਨੇ ਹੀ ਨਿਭਾਉਣੀ ਹੈ। 'ਤੇ ਇਸ ਤੋਂ ਬਿਨਾ ਆਪਣੇ ਪੁੱਤਰ ਨੂੰ ਘਰ ਦੇ ਕੰਮ ਕਰਦਿਆਂ ਕਦੀ ਟੋਕੀ ਨਾ, ਨਹੀਂ ਤਾਂ ਉਸਦੇ ਮਨ ਵਿੱਚ ਉਹੀ ਰੁੜਵਾਦੀ ਧਾਰਨਾਵਾਂ ਨੇ ਘਰ ਕਰ ਜਾਣਾ ਹੈ। ਸਭ ਦੇ ਹੱਕ ਬਰਾਬਰ ਨੇ ਪੁੱਤ।
'ਤੇ ਮੈਂ ਵੀ ਹੁਣ ਤੇਰੀ ਮਾਂ ਨੂੰ ਕਦੀ ਅੰਦਰ ਬਾਹਰ ਜਾਂਦਿਆਂ ਰੋਕਦਾ-ਟੋਕਦਾ ਨੀ.. ਦੇਰ ਨਾਲ ਹੀ ਸਹੀ ਪਰ ਕੁਝ ਤਾਂ ਮੈਂ ਉਹਦੇ ਲਈ ਹੁਣ ਕਰ ਸਕਦਾ ਨਾ..!!!!

-ਸਿਮਰਨ.

Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼