ਇਕ ਔਰਤ ਦੀ ਡਾਇਰੀ ਕਿਤਾਬ ਹਰ ਕਿਸੇ ਨੂੰ ਪੜ੍ਹਨੀ ਚਾਹੀਂਦੀ ਹੈ, ਸਿਰਫ਼ ਔਰਤਾਂ, ਕੁੜੀਆਂ ਨੂੰ ਹੀ ਨਹੀਂ ਸਭ ਮੁੰਡਿਆਂ ਜਾਂ ਮਰਦਾਂ ਨੂੰ ਵੀ। ਇਹ ਕਿਤਾਬ ਹਰ ਉਸ ਮਾਂ, ਧੀ, ਪਤਨੀ, ਨੂੰਹ ਦੀ ਕਹਾਣੀ ਬਿਆਨ ਕਰਦੀ ਹੈ, ਜੋ ਘਰ ਦੇ ਰੋਜ਼ਾਨਾ ਦੇ ਕੰਮਾਂ-ਕਾਰਾਂ 'ਚ ਸਵੇਰ ਤੋਂ ਸ਼ਾਮ ਤੱਕ ਰੁਝੀਆਂ ਰਹਿੰਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਨਹੀਂ ਸੋਚਦੇ ਕਿ ਉਹ ਵੀ ਥੱਕਦੀਆਂ, ਅੱਕਦੀਆਂ ਹੋਣਗੀਆਂ, ਉਨ੍ਹਾਂ ਦਾ ਵੀ ਜੀਅ ਕਰਦਾ ਹੋਣੇ ਬਾਹਰ ਘੁੰਮਣ ਨੂੰ..ਨੱਚਣ-ਗਾਉਣ ਨੂੰ ...ਆਪਣੀ ਮਰਜ਼ੀ ਨਾਲ ਕਿਧਰੇ ਵੀ ਆਉਣ-ਜਾਣ ਨੂੰ। ਇਨ੍ਹਾਂ 'ਚੋ ਜੇਕਰ ਕੁਝ ਨੌਕਰੀ ਵੀ ਕਰਦੀਆਂ ਹੋਣਗੀਆਂ ਤਾਂ ਵੀ ਉਨ੍ਹਾਂ ਦੇ ਘਰੇਲੂ ਕੰਮਾਂ 'ਚ ਕੋਈ ਫਰਕ ਨਹੀਂ। ਅਸੀਂ ਕਿਉਂ ਸਮਝਦੇ ਹਾਂ ਕਿ ਇਹ ਸਭ ਉਨ੍ਹਾਂ ਦੇ ਹਿੱਸੇ ਹੀ ਆਇਆ? ਸਾਡੇ ਘਰ ਚ ਵੱਡਿਆਂ-ਛੋਟਿਆਂ ਦੀ ਦੇਖ-ਭਾਲ ਤੋਂ ਲੈ ਕੇ, ਘਰ ਦੇ ਹਰ ਨਿੱਕੇ-ਨਿੱਕੇ ਕੰਮ ਤੋਂ ਇਲਾਵਾ ਜਦੋ ਕੋਈ ਦੋ ਪ੍ਰਹਾਉਣੇ ਆ ਜਾਣ ਉਨ੍ਹਾਂ ਦੀ ਸੇਵਾ ਦਾ ਜਿੰਮਾ ਵੀ ਅਸੀਂ ਇਨ੍ਹਾਂ ਤੇ ਸੁੱਟ ਦਿੰਦੇ ਹਾਂ, ਜਿਵੇਂ ਉਹ ਕੋਈ ਮਸ਼ੀਨ ਹੋਣ ਤੇ ਅਸੀਂ ਸਿਰਫ ਉਨ੍ਹਾਂ ਨੂੰ ਕੰਮ ਕਰਨ ਦੀ ਕਮਾਂਡ ਦੇਣੀ ਹੋਵੇ। ਦੂਜੀ ਗੱਲ ਸਾਡੇ ਸਮਾਜ ਵਿਚ ਜੇ ਕੋਈ ਮਰਦ ਆਪਣੇ ਘਰ ਵਿਚ ਆਪਣੀ ਮਾਂ-ਭੈਣ ਜਾਂ ਪਤਨੀ ਨਾਲ ਘਰ ਦੇ ਕੰਮਾਂ 'ਚ ਹੇਲਪ ਕਰਾਉਂਦਾ ਹੈ ਤਾਂ ਅਸੀਂ ਉਸਨੂੰ ਜਨਾਨੜਾ ਜਾਂ ਤੀਵੀਂ ਪਿਛੇ ਲੱਗਿਆ ਕਹਿ ਕੇ ਭੰਡਦੇ ਹਾਂ,,ਕਿੰਨੀ ਬੇਹੁੱਦਾ ਗੱਲ ਹੈ। ...