ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

ਉਹ ਦਿਨ ਅਜਿਹਾ ਹੀ ਸੀ- ਨੀਲੀ ਧੁੰਦ, ਬੀਤੀਆਂ ਯਾਦਾਂ ਤੇ ਗੀਤਾਂ ਦਾ ਦਿਨ। ਮੈਂ ਦੁਪਹਿਰ ਭਰ ਆਪਣੇ ਕਮਰੇ ਵਿਚ ਬੈਠਾ ਰਿਹਾ ਅਤੇ ਪੁਰਾਣੇ ਰਿਕਾਰਡ ਸੁਣਦਾ ਰਿਹਾ। ਹਰ ਪਾਸੇ ਚਾਨਣ ਨਾਲੋਂ ਜ਼ਿਆਦਾ ਹਨ੍ਹੇਰਾ ਸੀ ਅਤੇ ਮੈਂ ਬੈਠਾ-ਬੈਠਾ ਉਸ ਗਾਣੇ ਨੂੰ ਯਾਦ ਕਰਦਾ ਰਿਹਾ, ਜੋ ਇਕ ਵਾਰ ਮੈਂ ਬੱਸ ਵਿਚ ਇਕ ਕੁੜੀ ਨੂੰ ਸੁਣਾਇਆ ਸੀ। ਕੁਝ ਪਲ਼ਾਂ ਲਈ ਅਸੀਂ ਇਕ-ਦੂਜੇ ਨੂੰ ਮੁਹੱਬਤ ਕਰਨ ਲੱਗੇ ਸੀ। ਟੋਪੇਕਾ ਪਹੁੰਚਦਿਆਂ ਹੀ ਉਹ ਬੱਸ ਵਿਚੋਂ ਉਤਰ ਗਈ ਅਤੇ ਫਿਰ ਮੈਂ ਉਸਨੂੰ ਕਦੀ ਨਹੀਂ ਦੇਖਿਆ। ਮੈਂ ਉਸਨੂੰ ਚੁੰਮਿਆ ਸੀ। ਉਹ ਰੋ ਰਹੀ ਸੀ। ਮੁਹੱਬਤ ਦੀ ਬੇਵੱਸ ਪੀੜ ਨਾਲ ਮੈਂ ਟੁੱਟ ਗਿਆ ਸੀ। ਉਹ ਅਗਸਤ ਦੀ ਜਵਾਨ ਰਾਤ ਸੀ ਅਤੇ ਮੈਂ ਜ਼ਿੰਦਗੀ ’ਚ ਪਹਿਲੀ ਵਾਰ ਨਿਊਯਾਰਕ ਜਾ ਰਿਹਾ ਸੀ। ਮੈਂ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਉਹ ਆਪਣੇ ਰਸਤੇ ਜਾ ਰਹੀ ਸੀ ਅਤੇ ਮੈਂ ਆਪਣੇ। ਅੱਜ ਧੁੰਦ ਦੀ ਇਸ ਸੁੰਨੀ ਦੁਪਹਿਰ ਨੂੰ ਮੈਂ ਕਮਰੇ ਵਿਚ ਬੈਠਾ-ਬੈਠਾ ਇਹੀ ਸੋਚਦਾ ਰਿਹਾ ਕਿ ਕਿਵੇਂ ਕੋਈ ਇਕ ਰਾਹ ਫੜ੍ਹ ਲੈਂਦਾ ਹੈ ਅਤੇ ਹੋਰ ਸਾਰੇ ਜਾਣਕਾਰ ਦੂਜੇ ਰਾਹਾਂ ’ਤੇ ਚਲੇ ਜਾਂਦੇ ਹਨ; ਹਰ ਜ਼ਿੰਦਗੀ ਦਾ ਆਪਣਾ ਅਲੱਗ ਰਾਹ ਹੈ ਅਤੇ ਹਰ ਘੜੀ ਕਿਤੇ ਨਾ ਕਿਤੇ ਕੋਈ ਨੌਜਵਾਨ ਮਰ ਜਾਂਦਾ ਹੈ। ਕੁਝ ਲੋਕ ਰਾਹ ਤੈਅ ਕਰਦੇ ਕਰਦੇ ਖ਼ਤਮ ਹੋ ਜਾਂਦੇ ਹਨ। ਕਹਿਣ ਨੂੰ ਇਹ ਦੁਨੀਆਂ ਛੋਟੀ ਜਿਹੀ ਹੋ ਗਈ ਪਰ ਇਸ ਜ਼ਿੰਦਗੀ ’ਚ ਜੇ ਕਿਸੇ ਨਾਲ ਦੁਬਾਰਾ ਮਿਲਣਾ ਨਾ ਹੋ ਸਕੇ ਤਾਂ ਫਿਰ ਕਦੀ ਮਿਲਣਾ ਨਹੀਂ ਹੁੰਦਾ। ਜੇ ਤੁਸੀਂ ਵਾਪਿ...