ਆਪਣਾ ਕਮਰਾ

ਅਜਿਹੀ ਜਗ੍ਹਾ, ਜਿਥੇ ਅਸੀਂ ਦਿਨ ਰਾਤ ਗੁਜ਼ਾਰਦੇ ਹਾਂ, ਪੜ੍ਹਦੇ-ਲਿਖਦੇ ਹਾਂ- ਸੋਚਦੇ ਹਾਂ, ਕੁਝ ਨਵਾਂ ਸਿਰਜਦੇ ਹਾਂ, ਉਹ ਸਿਰਫ਼ ਇਕਮਾਤਰ ਜਗ੍ਹਾ ਨਹੀਂ ਰਹਿ ਜਾਂਦੀ। ਜਿਥੇ ਅਸੀਂ ਆਪਣੇ ਸਾਰੇ ਦੁੱਖ ਸੁੱਖ ਆਪਣੇ ਆਪ ਨਾਲ ਸਾਂਝੇ ਕੀਤੇ ਹੋਣ , ਮਨ ਦੇ ਬੋਝ ਉਤਾਰੇ ਹੋਣ ਉਹ ਜਗ੍ਹਾ ਸਾਡੇ ਅੰਦਰ ਦਾ ਇਕ ਹਿੱਸਾ ਹੋ ਜਾਂਦੀ ਹੈ, ਅਜਿਹਾ ਹਿੱਸਾ ਜੋ ਸਾਨੂੰ ਕੀਤੇ ਹੋਰ ਨਹੀਂ ਲੱਭਦਾ, ਅਜਿਹਾ ਸਕੂਨ, ਜਿਸ ਨੂੰ ਅਸੀਂ ਬਾਹਰ ਕਿਤੇ ਵੀ ਨਹੀਂ ਲੱਭ ਸਕਦੇ। ਇਹ ਸਿਰਫ਼ ਸਾਡਾ ਆਪਣਾ ਕਮਰਾ ਹੀ ਹੁੰਦਾ ਹੈ, ਜਿਥੇ ਅਸੀਂ ਕਿਵੇਂ ਵੀ ਵਿਚਰ ਸਕਦੇ ਹਾਂ, ਖੁਲ੍ਹ ਕੇ ਰੋ ਸਕਦੇ ਹਾਂ, ਖੁੱਲ੍ਹ ਕੇ ਹੱਸ ਸਕਦੇ ਹਾਂ, ਕੁਝ ਵੀ ਸਿਰਜ ਸਕਦੇ ਹਾਂ- ਆਪਣਾ ਨਵਾਂ ਜਹਾਨ ਉਲੀਕ ਸਕਦੇ ਹਾਂ। ਆਪਣੇ ਕਮਰੇ ਅੰਦਰ ਅਸੀਂ ਉਹੀ ਹੁੰਦੇ ਹਾਂ, ਜੋ ਸਾਡਾ ਅਸਲ ਹੈ, ਕਮਰੇ ਤੋਂ ਬਾਹਰ ਅਸੀਂ ਕਿੰਨੇ ਹੀ ਨਕਾਬਾਂ ਹੇਠ ਦੱਬ ਜਾਂਦੇ ਹਾਂ। ਆਪਣਾ ਕਮਰਾ ਸਾਨੂੰ ਸਿਰਜਨਾਤਮਕ ਥਾਂ ਅਤੇ ਸੰਸਾਰ ਨੂੰ ਵੇਖਣ ਲਈ ਨਵੇਂ ਨਜ਼ਰੀਏ ਦੀ ਖਿੜਕੀ ਦਿੰਦਾ ਹੈ।